ਵਸੁੰਧਰਾ ਰਾਜੇ ਨੇ ਅਮਿਤ ਸ਼ਾਹ ਨੂੰ ਦਿਖਾਈ ਤਾਕਤ

06/10/2018 10:55:22 AM

ਰਾਜਸਥਾਨ— ਰਾਜਸਥਾਨ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਲਈ ਵਾਟਰਲੂ ਸਾਬਤ ਹੋ ਸਕਦਾ ਹੈ। ਜਿਥੇ ਇਕ ਪਾਸੇ ਅਮਿਤ ਸ਼ਾਹ ਆਪਣੇ ਦੋਸਤਾਂ ਅਤੇ ਵਿਰੋਧੀਆਂ ਤੱਕ ਨੂੰ ਆਪਣੇ ਹੱਕ 'ਚ ਕਰਨ ਲਈ ਜ਼ੋਰ ਲਾ ਰਹੇ ਹਨ ਤਾਂ ਜੋ 2019 ਦੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਨੂੰ ਮਜ਼ਬੂਤ ਬਣਾਇਆ ਜਾ ਸਕੇ, ਉਥੇ ਭਾਜਪਾ ਪ੍ਰਧਾਨ ਨੂੰ ਰੇਗਿਸਤਾਨੀ ਸੂਬੇ ਰਾਜਸਥਾਨ 'ਚ ਬੇਮਿਸਾਲ ਕਿਸਮ ਦੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਦੇ 14 ਸੂਬਿਆਂ ਵਿਚ ਇਸ ਸਮੇਂ ਭਾਜਪਾ ਦੀ ਸਰਕਾਰ ਹੈ ਪਰ ਕਿਸੇ ਵੀ ਸੂਬੇ ਵਿਚ ਅਮਿਤ ਸ਼ਾਹ ਨੂੰ ਉਸ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਜਿਸ ਤਰ੍ਹਾਂ ਦਾ ਰਾਜਸਥਾਨ ਵਿਚ ਕਰਨਾ ਪੈ ਰਿਹਾ ਹੈ। ਲਗਭਗ ਸਭ ਭਾਜਪਾ ਸ਼ਾਸਤ ਸੂਬਿਆਂ ਦੇ ਮੁੱਖ ਮੰਤਰੀ ਅਮਿਤ ਸ਼ਾਹ ਦੀ ਹਾਂ ਵਿਚ ਹਾਂ ਮਿਲਾ ਰਹੇ ਹਨ ਪਰ ਵਸੁੰਧਰਾ ਰਾਜੇ ਸਿੰਧੀਆ ਇੰਝ ਨਹੀਂ ਕਰ ਰਹੀ। ਪਿਛਲੇ ਹਫਤੇ ਵਸੁੰਧਰਾ ਨੂੰ ਦਿੱਲੀ ਸੱਦਿਆ ਗਿਆ ਤਾਂ ਜੋ ਰਾਜਸਥਾਨ ਦੇ ਨਵੇਂ ਭਾਜਪਾ ਪ੍ਰਧਾਨ ਦੀ ਚੋਣ ਸਬੰਧੀ ਉਨ੍ਹਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾ ਸਕੇ। ਅਲਵਰ ਅਤੇ ਅਜਮੇਰ ਦੀਆਂ ਉਪ ਚੋਣਾਂ ਵਿਚ ਭਾਜਪਾ ਉਮੀਦਵਾਰਾਂ ਦੀ ਹਾਰ ਪਿੱਛੋਂ ਅਸ਼ੋਕ ਪਰਨਾਮੀ ਨੇ ਸੂਬਾਈ ਭਾਜਪਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਹ ਦੂਜੀ ਵਾਰ ਸੀ ਜਦੋਂ ਵਸੁੰਧਰਾ ਰਾਜੇ ਨੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੇ ਸੂਬਾਈ ਭਾਜਪਾ ਪ੍ਰਧਾਨ ਵਜੋਂ ਅਮਿਤ ਸ਼ਾਹ ਦੇ ਸੁਝਾਅ ਦੀ ਵਿਰੋਧਤਾ ਕੀਤੀ। ਵਸੁੰਧਰਾ ਚਾਹੁੰਦੀ ਸੀ ਕਿ ਕਿਸੇ ਅਜਿਹੇ ਵਿਅਕਤੀ ਨੂੰ ਸੂਬਾਈ ਭਾਜਪਾ ਦਾ ਪ੍ਰਧਾਨ ਬਣਾਇਆ ਜਾਵੇ ਜੋ ਜਾਤ-ਪਾਤ ਦੇ ਚੱਕਰ ਤੋਂ ਉੱਪਰ ਹੋਵੇ। ਵਸੁੰਧਰਾ ਨੇ ਇਸ ਲਈ ਸ਼੍ਰੀਚੰਦ ਕ੍ਰਿਪਲਾਨੀ ਦੇ ਨਾਂ ਦਾ ਸੁਝਾਅ ਦਿੱਤਾ ਜੋ ਰਾਜਸਥਾਨ ਦਾ ਇਕ ਸਿੰਧੀ-ਪੰਜਾਬੀ ਆਗੂ ਹੈ। ਸ਼ਾਹ ਨੇ ਇਸ ਨਾਂ ਨੂੰ ਰੱਦ ਕਰ ਦਿੱਤਾ।
ਪਤਾ ਲੱਗਾ ਹੈ ਕਿ ਇਕ ਹੋਰ ਕੇਂਦਰੀ ਮੰਤਰੀ ਅਰਜੁਨ ਰਾਮ ਜੋ ਇਕ ਦਲਿਤ ਆਗੂ ਹਨ, ਦੇ ਨਾਂ ਦਾ ਪ੍ਰਸਤਾਵ ਵੀ ਅਮਿਤ ਸ਼ਾਹ ਨੇ ਰੱਖਿਆ ਪਰ ਇਸ ਨੂੰ ਵਸੁੰਧਰਾ ਰਾਜੇ ਨੇ ਪ੍ਰਵਾਨ ਨਹੀਂ ਕੀਤਾ। ਇਕ ਸਮਝੌਤੇ ਅਧੀਨ ਭਾਜਪਾ ਦੇ ਕੌਮੀ ਜਨਰਲ ਸਕੱਤਰ ਅਤੇ ਰਾਜ ਸਭਾ ਦੇ ਮੈਂਬਰ ਭੁਪਿੰਦਰ ਯਾਦਵ ਦਾ ਨਾਂ ਰਾਜਸਥਾਨ ਭਾਜਪਾ ਪ੍ਰਧਾਨ ਲਈ ਸੁਝਾਇਆ ਗਿਆ। ਵਸੁੰਧਰਾ ਰਾਜੇ ਨੇ ਇਸ ਨੂੰ ਮੰਨ ਲਿਆ ਪਰ ਸ਼ਾਹ ਨੇ ਕਿਹਾ ਕਿ ਉਹ ਭੁਪਿੰਦਰ ਯਾਦਵ ਦੀਆਂ ਸੇਵਾਵਾਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਦਿੱਲੀ ਵਿਚ ਲੈਣਾ ਚਾਹੁੰਦੇ ਹਨ।
ਇਕ ਮੌਕਾ ਅਜਿਹਾ ਵੀ ਆਇਆ ਜਦੋਂ ਭਾਜਪਾ ਲੀਡਰਸ਼ਿਪ ਨੇ ਇਹ ਵਿਚਾਰ ਬਣਾਇਆ ਕਿ ਵਸੁੰਧਰਾ ਰਾਜੇ ਸਿੰਧੀਆ ਨੂੰ ਹੀ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇ ਅਤੇ ਕਿਸੇ ਹੋਰ ਨੂੰ ਰਾਜਸਥਾਨ ਦਾ ਨਵਾਂ ਮੁੱਖ ਮੰਤਰੀ ਬਣਾ ਦਿੱਤਾ ਜਾਵੇ। ਤਿੱਖੇ ਸੁਭਾਅ ਵਾਲੀ ਵਸੁੰਧਰਾ ਰਾਜੇ ਨੇ ਭਾਜਪਾ ਲੀਡਰਸ਼ਿਪ ਨੂੰ ਸਪੱਸ਼ਟ ਸੰਕੇਤ ਭੇਜ ਦਿੱਤਾ ਕਿ ਉਸ ਨੂੰ ਐਵੇਂ ਹੀ ਨਾ ਸਮਝਿਆ ਜਾਵੇ। ਉਹ ਕੋਈ ਆਨੰਦੀ ਬੇਨ ਪਟੇਲ ਨਹੀਂ ਜੋ ਝੁਕ ਜਾਵੇਗੀ ਅਤੇ ਅਸਤੀਫਾ ਦੇ ਦੇਵੇਗੀ। ਇਸ 'ਤੇ ਵਸੁੰਧਰਾ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦਾ ਵਿਚਾਰ ਛੱਡ ਦਿੱਤਾ ਗਿਆ।
ਪਤਾ ਲੱਗਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਅਮਿਤ ਸ਼ਾਹ ਅਤੇ ਵਸੁੰਧਰਾ ਰਾਜੇ ਦਰਮਿਆਨ ਪਾਏ ਜਾਂਦੇ ਮਤਭੇਦਾਂ ਨੂੰ ਦੂਰ ਕਰਨ ਲਈ ਕਦਮ ਚੁੱਕਣਗੇ। ਅਮਿਤ ਸ਼ਾਹ ਨੇ ਫੈਸਲਾ ਕੀਤਾ ਹੈ ਕਿ ਉਹ ਹੁਣ ਆਪਣੀ ਨਵੀਂ ਰਣਨੀਤੀ ਅਧੀਨ ਜੈਪੁਰ ਵਿਖੇ ਹੀ ਡੇਰੇ ਲਾਈ ਰੱਖਣਗੇ ਅਤੇ ਭਾਜਪਾ ਨੂੰ ਰਾਜਸਥਾਨ ਵਿਧਾਨ ਸਭਾ ਚੋਣਾਂ ਵਿਚ ਜਿੱਤ ਦਿਵਾਉਣ ਲਈ ਦਿਨ-ਰਾਤ ਕੰਮ ਕਰਨਗੇ। ਉਹ ਭੋਪਾਲ ਵਿਚ ਨਹੀਂ ਰਹਿਣਗੇ, ਜਿਵੇਂ ਕਿ ਪਹਿਲਾਂ ਯੋਜਨਾ ਬਣਾਈ ਗਈ ਸੀ। ਉਹ ਜੈਪੁਰ ਵਿਖੇ ਹੀ ਰਹਿ ਕੇ ਪੂਰਾ ਧਿਆਨ ਰੱਖਣਗੇ।


Related News