ਅਖਿਲੇਸ਼ ਯਾਦਵ ਅਤੇ ਓਵੈਸੀ ਨੂੰ ਵੱਡੀ ਰਾਹਤ, ਕੋਰਟ ਨੇ ਰੱਦ ਕੀਤੀ ਪਟੀਸ਼ਨ
Thursday, Sep 19, 2024 - 12:33 AM (IST)
ਵਾਰਾਣਸੀ, (ਭਾਸ਼ਾ)- ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਅਤੇ ਏ. ਆਈ. ਐੱਮ. ਆਈ. ਐੱਮ. ਦੇ ਮੁਖੀ ਅਸਦੁਦੀਨ ਓਵੈਸੀ ਨੂੰ ਵੱਡੀ ਰਾਹਤ ਮਿਲੀ ਹੈ। ਇਨ੍ਹਾਂ ਦੋਵਾਂ ਹੀ ਆਗੂਆਂ ਵੱਲੋਂ ਹੇਟ ਸਪੀਚ ਦੇ ਮਾਮਲੇ ਵਿਚ ਹਿੰਦੂ ਪੱਖ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਨੂੰ ਅਦਾਲਤ ਨੇ ਰੱਦ ਕਰ ਦਿੱਤਾ।
ਪਟੀਸ਼ਨਰ ਐਡਵੋਕੇਟ ਹਰੀਸ਼ੰਕਰ ਪਾਂਡੇ ਨੇ ਦਲੀਲ ਦਿੱਤੀ ਕਿ ਅਖਿਲੇਸ਼ ਯਾਦਵ ਅਤੇ ਅਸਦੁਦੀਨ ਓਵੈਸੀ ਨੇ ਅੰਜੁਮਨ ਇੰਤਜਾਮੀਆ ਮਸਜਿਦ ਕਮੇਟੀ ਅਤੇ ਲੱਗਭਗ 2000 ਵਿਅਕਤੀਆਂ ਨਾਲ ਮਿਲ ਕੇ ਕਥਿਤ ‘ਸ਼ਿਵਲਿੰਗ’ ਨੂੰ ਵਾਰ-ਵਾਰ ਫੁਹਾਰਾ ਦੱਸਿਆ ਸੀ, ਜਿਸ ਨਾਲ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ।
ਪਾਂਡੇ ਨੇ ਆਪਣੀ ਪਟੀਸ਼ਨ ’ਚ ਦੋਵਾਂ ਨੇਤਾਵਾਂ ਖਿਲਾਫ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕੀਤੀ ਹੈ। ਸੀਨੀਅਰ ਜੱਜ ਸਿਵਲ ਡਿਵੀਜ਼ਨ ਵਿਨੋਦ ਕੁਮਾਰ ਸਿੰਘ ਦੀ ਅਦਾਲਤ ਨੇ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ।