ਖ਼ਰਾਬ ਬ੍ਰੇਕਿੰਗ ਸਿਸਟਮ ਦੇ ਬਾਵਜੂਦ 463 KM ਦੌੜੀ ਵੰਦੇ ਭਾਰਤ ਟ੍ਰੇਨ ! ਵਿਭਾਗ ਨੇ ਸ਼ੁਰੂ ਕੀਤੀ ਜਾਂਚ
Sunday, Nov 15, 2026 - 05:27 PM (IST)
ਨਵੀਂ ਦਿੱਲੀ- ਖ਼ਰਾਬ ਬ੍ਰੇਕਿੰਗ ਸਿਸਟਮ ਦੇ ਬਾਵਜੂਦ ਖਾਲੀ ਵੰਦੇ ਭਾਰਤ ਟ੍ਰੇਨ ਨੂੰ ਅਕਤੂਬਰ ’ਚ ਝਾਰਖੰਡ ਤੋਂ ਉੱਤਰ ਪ੍ਰਦੇਸ਼ ਵਿਚਾਲੇ 463 ਕਿਲੋਮੀਟਰ ਤੱਕ ਦੌੜਾਇਆ ਗਿਆ, ਜਿਸ ਨਾਲ ਹੋਰ ਯਾਤਰੀ ਟ੍ਰੇਨਾਂ ਦੀ ਸੁਰੱਖਿਆ ਵੀ ਖ਼ਤਰੇ ’ਚ ਪੈ ਸਕਦੀ ਸੀ। ਹੁਣ ਇਸ ਮਾਮਲੇ ’ਚ ਦੱਖਣ ਪੂਰਬੀ ਰੇਲਵੇ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਘਟਨਾ 24 ਅਕਤੂਬਰ ਨੂੰ ਵਾਪਰੀ ਸੀ। ਇਸ ਤੋਂ ਕੁਝ ਹੀ ਦਿਨ ਬਾਅਦ 11 ਨਵੰਬਰ ਨੂੰ ਲੱਗਭਗ ਇਸੇ ਤਰ੍ਹਾਂ ਦੀ ਲਾਪ੍ਰਵਾਹੀ ਕਾਰਨ ਕੋਲਕਾਤਾ-ਸਾਇਰੰਗ ਐਕਸਪ੍ਰੈੱਸ ਆਸਾਮ ’ਚ ਪਟੜੀ ਤੋਂ ਉਤਰ ਗਈ ਸੀ। ਰੇਲਵੇ ਜ਼ੋਨ ਨੇ ਕਿਹਾ, ‘‘ਲੋੜੀਂਦੀ ਬ੍ਰੇਕਿੰਗ ਸਮਰੱਥਾ ਤੋਂ ਬਿਨਾਂ ਟ੍ਰੇਨ ਚਲਾਉਣਾ ਸੁਰੱਖਿਆ ਦੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਨਾਲ ਵੱਡਾ ਹਾਦਸਾ ਹੋ ਸਕਦਾ ਹੈ, ਜਿਸ ’ਚ ਰੇਲਵੇ ਮੁਲਾਜ਼ਮਾਂ ਅਤੇ ਯਾਤਰੀਆਂ ਦੀ ਜਾਨ ਖ਼ਤਰੇ ’ਚ ਪੈ ਸਕਦੀ ਹੈ। ਨਾਲ ਹੀ ਰੇਲ ਸੰਚਾਲਨ ਦੀ ਸੁਰੱਖਿਆ ਵੀ ਪ੍ਰਭਾਵਿਤ ਹੋ ਸਕਦੀ ਹੈ।’’ ਖਾਲੀ ਚੇਅਰ ਕਾਰ ਵਾਲੀ ਵੰਦੇ ਭਾਰਤ ਟ੍ਰੇਨ ਨੂੰ ਮਾਲਗੱਡੀ ਦੇ ਇੰਜਣ ਨਾਲ ਝਾਰਖੰਡ ਦੇ ਹਟੀਆ ਤੋਂ ਉੱਤਰ ਪ੍ਰਦੇਸ਼ ਦੇ ਝਾਂਸੀ ਤੱਕ ਲਿਜਾਇਆ ਜਾਣਾ ਸੀ।
ਅਧਿਕਾਰੀਆਂ ਅਨੁਸਾਰ, ਵੰਦੇ ਭਾਰਤ ਟ੍ਰੇਨ ਦੀ ਬ੍ਰੇਕਿੰਗ ਪ੍ਰਣਾਲੀ ਨੂੰ ਮਾਲਗੱਡੀ ਦੇ ਇੰਜਣ ਦੀ ਬ੍ਰੇਕਿੰਗ ਪ੍ਰਣਾਲੀ ਨਾਲ ਜੋੜਨਾ ਸੀ, ਤਾਂ ਜੋ ਪੂਰੀ ਯਾਤਰਾ ਦੌਰਾਨ ਮਾਲਗੱਡੀ ਦਾ ਇੰਜਣ ਟ੍ਰੇਨ ਦੇ ਡੱਬਿਆਂ ਨੂੰ ਖਿੱਚ ਸਕੇ। ਹਾਲਾਂਕਿ, ਰੇਲਵੇ ਮੁਲਾਜ਼ਮਾਂ ਨੇ ਦੋਵਾਂ ਬ੍ਰੇਕਿੰਗ ਪ੍ਰਣਾਲੀਆਂ ਨੂੰ ਠੀਕ ਤਰ੍ਹਾਂ ਜੋੜਨ ਦਾ ਪ੍ਰਬੰਧ ਯਕੀਨੀ ਨਹੀਂ ਬਣਾਇਆ। ਇੰਨਾ ਹੀ ਨਹੀਂ, ਟ੍ਰੇਨ ਦੇ ਚਾਲਕ ਦਲ ਵੱਲੋਂ ਸਮੱਸਿਆ ਦੀ ਜਾਣਕਾਰੀ ਦਿੱਤੇ ਜਾਣ ਦੇ ਬਾਵਜੂਦ ਚਿਤਾਵਨੀਆਂ ਨੂੰ ਨਜ਼ਰ-ਅੰਦਾਜ਼ ਕੀਤਾ ਗਿਆ।
