ਵੈਨਕੂਵਰ ਜਾਣ ਵਾਲਾ ਏਅਰ ਇੰਡੀਆ ਦਾ ਜਹਾਜ਼ ਦਿੱਲੀ ਪਰਤਿਆ

Saturday, Mar 21, 2026 - 12:49 AM (IST)

ਵੈਨਕੂਵਰ ਜਾਣ ਵਾਲਾ ਏਅਰ ਇੰਡੀਆ ਦਾ ਜਹਾਜ਼ ਦਿੱਲੀ ਪਰਤਿਆ

ਨਵੀਂ ਦਿੱਲੀ (ਭਾਸ਼ਾ) - ਦਿੱਲੀ ਤੋਂ ਵੈਨਕੂਵਰ ਜਾ ਰਹੀ ਏਅਰ ਇੰਡੀਆ ਦੀ ਇਕ ਉਡਾਣ 7 ਘੰਟੇ ਤੋਂ ਵੱਧ ਸਮੇਂ ਤੱਕ ਹਵਾ ’ਚ ਰਹਿਣ ਤੋਂ ਬਾਅਦ ਵੀਰਵਾਰ ਸ਼ਾਮ ਨੂੰ ਸੰਚਾਲਨ ਸਬੰਧੀ ਸਮੱਸਿਆ ਕਾਰਨ ਦਿੱਲੀ ਪਰਤ ਆਈ।

ਏਅਰ ਇੰਡੀਆ ਨੇ ਸ਼ੁੱਕਰਵਾਰ ਨੂੰ ਇਕ ਬਿਆਨ ’ਚ ਦੱਸਿਆ ਕਿ ਜਹਾਜ਼ ਦਿੱਲੀ ਹਵਾਈ ਅੱਡੇ ’ਤੇ ਸੁਰੱਖਿਅਤ ਉਤਰ ਗਿਆ। ਹਾਲਾਂਕਿ, ਕੰਪਨੀ ਵੱਲੋਂ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ ਗਈ। ਬੋਇੰਗ 777-200 ਐੱਲ. ਆਰ. ਜਹਾਜ਼ ਲੱਗਭਗ 7 ਘੰਟੇ ਤੋਂ ਵੱਧ ਸਮੇਂ ਤੱਕ ਹਵਾ ’ਚ ਰਿਹਾ। ਉਡਾਣਾਂ ’ਤੇ ਨਿਗਰਾਨੀ ਰੱਖਣ ਵਾਲੀ ਵੈੱਬਸਾਈਟ ਫਲਾਈਟਰਾਡਾਰ 24 ਡਾਟ ਕਾਮ ’ਤੇ ਮੁਹੱਈਆ ਜਾਣਕਾਰੀ ਅਨੁਸਾਰ, ਜਹਾਜ਼ ਚੀਨ ਦੇ ਹਵਾਈ ਖੇਤਰ ’ਚ ਦਾਖਲ ਹੋਣ ਤੋਂ ਬਾਅਦ ਦਿੱਲੀ ਪਰਤ ਆਇਆ।

ਏਅਰ ਇੰਡੀਆ ਨੇ ਬਿਆਨ ’ਚ ਦੱਸਿਆ, “19 ਮਾਰਚ ਨੂੰ ਦਿੱਲੀ ਤੋਂ ਵੈਨਕੂਵਰ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ਨੰਬਰ ਏ. ਆਈ. 185 ਸੰਚਾਲਨ ਸਬੰਧੀ ਸਮੱਸਿਆ ਕਾਰਨ ਅਤੇ ਨਿਰਧਾਰਤ ਮਿਆਰੀ ਪ੍ਰਕਿਰਿਆਵਾਂ ਅਨੁਸਾਰ ਦਿੱਲੀ ਪਰਤ ਆਈ। ਜਹਾਜ਼ ਸੁਰੱਖਿਅਤ ਰੂਪ ’ਚ ਉਤਰ ਗਿਆ ਅਤੇ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਬਾਹਰ ਨਿਕਲ ਗਏ।” ਇਕ ਸੂਤਰ ਨੇ ਦੱਸਿਆ ਕਿ ਜਹਾਜ਼ ਦੇ ਸੰਚਾਲਨ ’ਚ ਪ੍ਰਸ਼ਾਸਨਿਕ ਸਮੱਸਿਆ ਹੋ ਸਕਦੀ ਹੈ, ਜਿਸ ਕਾਰਨ ਦਿੱਲੀ ਪਰਤਣ ਦਾ ਫੈਸਲਾ ਲਿਆ ਗਿਆ। ਵਾਪਸੀ ਦਾ ਕਾਰਨ ਅਤੇ ਜਹਾਜ਼ ’ਚ ਸਵਾਰ ਯਾਤਰੀਆਂ ਦੀ ਗਿਣਤੀ ਵਰਗੀਆਂ ਹੋਰ ਜਾਣਕਾਰੀਆਂ ਅਜੇ ਤੱਕ ਨਹੀਂ ਮਿਲ ਸਕੀਆਂ ਹਨ।
 


author

Inder Prajapati

Content Editor

Related News