''ਚਲੋ ਬੁਲਾਵਾ ਆਇਆ ਹੈ, ਮਾਤਾ ਨੇ ਬੁਲਾਇਆ ਹੈ'', ਜੈਕਾਰਿਆਂ ਨਾਲ ਗੂੰਜਿਆ ਮਾਤਾ ਵੈਸ਼ਨੋ ਦੇਵੀ ਦਾ ਭਵਨ
Sunday, Aug 16, 2020 - 01:27 PM (IST)
ਨੈਸ਼ਨਲ ਡੈਸਕ— ਮਾਤਾ ਵੈਸ਼ਨੋ ਦੇਵੀ ਦੇ ਭਗਤਾਂ ਲਈ ਅੱਜ ਯਾਨੀ ਕਿ 16 ਅਗਸਤ 2020 ਦਾ ਦਿਨ ਖ਼ਾਸ ਹੈ। ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਤ੍ਰਿਕੁਟਾ ਪਹਾੜੀਆਂ 'ਤੇ ਸਥਿਤ ਪ੍ਰਸਿੱਧ ਮਾਤਾ ਵੈਸ਼ਨੋ ਦੇਵੀ ਮੰਦਰ ਅੱਜ ਭਗਤਾਂ ਲਈ ਲੰਬੀ ਉਡੀਕ ਮਗਰੋਂ ਖੋਲ੍ਹ ਦਿੱਤਾ ਗਿਆ ਹੈ।
ਕੋਰੋਨਾ ਵਾਇਰਸ ਕਾਰਨ ਕਰੀਬ 5 ਮਹੀਨਿਆਂ ਤੱਕ ਬੰਦ ਰਹਿਣ ਤੋਂ ਬਾਅਦ ਮਾਤਾ ਵੈਸ਼ਨੋ ਦੇਵੀ ਭਵਨ ਸਮੇਤ ਹੋਰ ਧਾਰਮਿਕ ਸਥਾਨ ਐਤਵਾਰ ਨੂੰ ਸਵੇਰੇ ਭਗਤਾਂ ਲਈ ਖੋਲ੍ਹ ਦਿੱਤੇ ਗਏ। ਹਾਲਾਂਕਿ ਇਸ ਵਾਰ ਯਾਤਰਾ ਪਹਿਲਾਂ ਵਾਂਗ ਨਹੀਂ ਹੋਵੇਗੀ। ਕੋਰੋਨਾ ਆਫ਼ਤ ਨੂੰ ਦੇਖਦਿਆਂ ਯਾਤਰੀਆਂ ਲਈ ਕਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਬਾਵਜੂਦ ਭਗਤਾਂ 'ਚ ਉਤਸ਼ਾਹ ਦਿੱਸਿਆ।
ਮਾਤਾ ਦੇ ਦਰਸ਼ਨਾਂ ਲਈ ਨਿਕਲੇ ਪਹਿਲੇ ਜੱਥੇ 'ਚ ਖੁਸ਼ੀ ਅਤੇ ਉਤਸ਼ਾਹ ਦੇਖਦੇ ਹੀ ਬਣਦਾ ਸੀ। ਚਾਰੋਂ ਪਾਸੇ 'ਜੈ ਮਾਤਾ ਦੀ' ਦੇ ਜੈਕਾਰਿਆਂ ਦੀ ਗੂੰਜ ਸੁਣਾਈ ਦੇ ਰਹੀ ਹੈ। ਜੰਮੂ ਤੋਂ ਮੰਦਰ ਦੇ ਦਰਸ਼ਨਾਂ ਲਈ ਆਏ 12 ਮੈਂਬਰੀ ਗਰੁੱਪ ਦੇ ਖੁਸ਼ਵਿੰਦਰ ਸਿੰਘ ਨੇ ਕਿਹਾ ਕਿ ਮੈਂ ਮਹੀਨੇ ਵਿਚ ਘੱਟ ਤੋਂ ਘੱਟ ਇਕ ਵਾਰ ਮੰਦਰ ਦੇ ਦਰਸ਼ਨ ਲਈ ਆਉਂਦਾ ਸੀ। ਮੰਦਰ ਖੁੱਲ੍ਹਣ ਦੇ ਪਹਿਲੇ ਦਿਨ ਹੀ ਇੱਥੇ ਆ ਕੇ ਮੈਂ ਖ਼ੁਦ ਨੂੰ ਖੁਸ਼ਕਿਸਮਤ ਮਹਿਸੂਸ ਕਰ ਰਿਹਾ ਹਾਂ। ਖੁਸ਼ਵਿੰਦਰ ਸਿੰਘ ਕਟੜਾ ਸਥਿਤ ਆਧਾਰ ਕੈਂਪ 'ਚ ਤੜਕੇ 4 ਵਜੇ ਹੀ ਪਹੁੰਚ ਗਏ। ਪਵਿੱਤਰ ਗੁਫਾ ਦੇ ਦਰਸ਼ਨ ਕਰਨ ਵਾਲਾ ਇਹ ਪਹਿਲਾ ਜੱਥਾ ਸੀ। ਇਸ ਤੋਂ ਮਗਰੋਂ ਸ਼ਰਧਾਲੂਆਂ ਲਈ ਮੰਦਰ ਦੇ ਦਰਵਾਜ਼ੇ 6 ਵਜੇ ਮੁੜ ਖੋਲ੍ਹੇ ਗਏ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ 18 ਮਾਰਚ ਨੂੰ ਸਾਵਧਾਨੀ ਦੇ ਤੌਰ 'ਤੇ ਵੈਸ਼ਨੋ ਦੇਵੀ ਯਾਤਰਾ ਰੋਕ ਦਿੱਤੀ ਗਈ ਸੀ। ਹੁਣ ਜਦੋਂ ਪ੍ਰਸ਼ਾਸਨ ਨੇ ਮਾਤਾ ਦਾ ਭਵਨ ਖੋਲ੍ਹਣ ਦਾ ਫੈਸਲਾ ਕੀਤਾ ਹੈ ਤਾਂ ਬੋਰਡ ਨੇ ਇਸ ਭਿਆਨਕ ਵਾਇਰਸ ਦੀ ਚੁਣੌਤੀ ਨੂੰ ਦੇਖਦਿਆਂ ਸਾਰੇ ਜ਼ਰੂਰੀ ਕਦਮ ਚੁੱਕੇ ਹਨ। ਪਹਿਲੇ ਹਫ਼ਤੇ ਵਿਚ ਰੋਜ਼ਾਨਾ 2,000 ਭਗਤ ਮੰਦਰ ਦੇ ਦਰਸ਼ਨ ਕਰ ਸਕਣਗੇ, ਜਿਨ੍ਹਾਂ 'ਚੋਂ 1900 ਜੰਮੂ-ਕਸ਼ਮੀਰ ਤੋਂ ਹੋਣਗੇ ਅਤੇ ਬਾਕੀ ਦੇ 100 ਲੋਕ ਹੋਰ ਪ੍ਰਦੇਸ਼ਾਂ ਤੋਂ ਹੋਣਗੇ।
ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਮੇਸ਼ ਕੁਮਾਰ ਨੇ ਦੱਸਿਆ ਕਿ ਰੈੱਡ ਜ਼ੋਨ ਅਤੇ ਜੰਮੂ-ਕਸ਼ਮੀਰ ਦੇ ਬਾਹਰ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਕੋਵਿਡ-19 ਜਾਂਚ ਕਰਵਾਉਣੀ ਹੋਵੇਗੀ, ਜਿਨ੍ਹਾਂ ਦੀ ਰਿਪੋਰਟ ਵਿਚ ਵਾਇਰਸ ਮੁਕਤ ਹੋਣ ਦੀ ਪੁਸ਼ਟੀ ਹੋਵੇਗੀ ਉਹ ਹੀ ਅੱਗੇ ਜਾ ਸਕਣਗੇ।
ਇਹ ਵੀ ਪੜ੍ਹੋ: 'ਮਾਤਾ ਵੈਸ਼ਨੋ ਦੇਵੀ' ਜਾਣ ਵਾਲੇ ਭਗਤਾਂ ਲਈ ਵੱਡੀ ਖ਼ੁਸ਼ਖ਼ਬਰੀ, ਅੱਜ ਤੋਂ ਹੋਣਗੇ ਦਰਸ਼ਨ