ਉੱਤਰਾਖੰਡ ਦੀ ਵਿਸ਼ਵ ਪ੍ਰਸਿੱਧ ਫੁੱਲਾਂ ਦੀ ਘਾਟੀ ਸੈਲਾਨੀਆਂ ਦੇ ਦੀਦਾਰ ਲਈ ਖੁੱਲ੍ਹੀ

Thursday, Jun 02, 2022 - 05:04 PM (IST)

ਉੱਤਰਾਖੰਡ ਦੀ ਵਿਸ਼ਵ ਪ੍ਰਸਿੱਧ ਫੁੱਲਾਂ ਦੀ ਘਾਟੀ ਸੈਲਾਨੀਆਂ ਦੇ ਦੀਦਾਰ ਲਈ ਖੁੱਲ੍ਹੀ

ਦੇਹਰਾਦੂਨ- ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਹਿਮਾਲਿਆ ਦੀ ਗੋਦ ਵਿਚ ਸਥਿਤ ਵਿਸ਼ਵ ਪ੍ਰਸਿੱਧ ਫੁੱਲਾਂ ਦੀ ਘਾਟੀ ਨੈਸ਼ਨਲ ਪਾਰਕ ਬੁੱਧਵਾਰ ਤੋਂ ਸੈਲਾਨੀਆਂ ਲਈ ਖੋਲ੍ਹ ਦਿੱਤਾ ਗਿਆ। ਪਹਿਲੇ ਦਿਨ ਕੁਦਰਤ ਪ੍ਰੇਮੀਆਂ ਨੇ ਰੰਗ-ਬਿਰੰਗੇ ਫੁੱਲਾਂ ਦਾ ਦੀਦਾਰ ਕੀਤਾ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਫੁੱਲਾਂ ਦੀ ਘਾਟੀ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ਟਵਿੱਟਰ 'ਤੇ ਸਾਂਝੀਆਂ ਕਰਦੇ ਹੋਏ ਲਿਖਿਆ ਕਿ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਥਾਨ 'ਵੈਲੀ ਆਫ ਫਲਾਵਰਜ਼' ਉੱਤਰਾਖੰਡ ਦੇ ਚਮੋਲੀ ਜੋ ਕਿ ਦੁਰਲੱਭ ਬਨਸਪਤੀਆਂ ਨਾਲ ਭਰਪੂਰ ਹੈ, ਨੂੰ ਸੈਲਾਨੀਆਂ ਲਈ ਖੋਲ੍ਹ ਦਿੱਤਾ ਗਿਆ ਹੈ। ਉੱਤਰਾਖੰਡ ਸਰਕਾਰ ਸਾਰੇ ਸੈਲਾਨੀਆਂ ਦਾ ਨਿੱਘਾ ਸੁਆਗਤ ਕਰਦੀ ਹੈ।” 

PunjabKesari

ਡਿਵੀਜ਼ਨਲ ਜੰਗਲਾਤ ਅਧਿਕਾਰੀ ਨੰਦਾ ਬੱਲਭ ਜੋਸ਼ੀ ਨੇ ਦੱਸਿਆ ਕਿ ਪਹਿਲੇ ਦਿਨ ਇਕ ਵਿਦੇਸ਼ੀ ਸਮੇਤ ਕੁੱਲ 75 ਸੈਲਾਨੀਆਂ ਨੇ ਫੁੱਲਾਂ ਦੀ ਘਾਟੀ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ 87.5 ਵਰਗ ਕਿਲੋਮੀਟਰ ਦੇ ਖੇਤਰਫ਼ਲ ’ਚ ਫੈਲੀ ਘਾਟੀ ਵਿਚ ਜੂਨ ਤੋਂ ਅਕਤੂਬਰ ਤੱਕ ਫੁੱਲਾਂ ਦੀਆਂ 500 ਕਿਸਮਾਂ ਖਿੜਦੀਆਂ ਹਨ। ਇਨ੍ਹੀਂ ਦਿਨੀਂ ਫੁੱਲਾਂ ਦੀਆਂ 12 ਕਿਸਮਾਂ ਪੂਰੀ ਤਰ੍ਹਾਂ ਖਿੜੀਆਂ ਹਨ, ਜੋ ਆਪਣੀ ਖੂਬਸੂਰਤੀ ਕਾਰਨ ਸੈਲਾਨੀਆਂ ਨੂੰ ਮੋਹ ਲੈਂਦੀਆਂ ਹਨ।

ਧਾਮੀ ਨੇ ਦੱਸਿਆ ਕਿ ਚਾਰੇ ਪਾਸਿਓਂ ਬਰਫ਼ ਨਾਲ ਢੱਕੀਆਂ ਚੋਟੀਆਂ ਦੇ ਵਿਚਕਾਰ ਸਥਿਤ ਇਸ ਘਾਟੀ ਵਿਚ ਫੁੱਲਾਂ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਜੜ੍ਹੀਆਂ-ਬੂਟੀਆਂ ਅਤੇ ਵੱਖ-ਵੱਖ ਕਿਸਮਾਂ ਦੇ ਪੰਛੀ ਵੀ ਹਨ।  ਸੈਲਾਨੀ ਫੁੱਲਾਂ ਦੀ ਘਾਟੀ ਵਿਚ ਦੁਪਹਿਰ 2 ਵਜੇ ਤੱਕ ਰੁਕ ਸਕਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤਿੰਨ ਕਿਲੋਮੀਟਰ ਦੂਰ ਆਧਾਰ ਕੈਂਪ ਘਾਂਘਰੀਆ ਪਰਤਣਾ ਹੋਵੇਗਾ। ਫੁੱਲਾਂ ਦੀ ਘਾਟੀ 31 ਅਕਤੂਬਰ ਤੱਕ ਖੁੱਲ੍ਹੀ ਰਹੇਗੀ। ਕੋਵਿਡ-19 ਕਾਰਨ ਪਿਛਲੇ ਦੋ ਸਾਲਾਂ ਤੋਂ ਫੁੱਲਾਂ ਦੀ ਘਾਟੀ ਸੈਲਾਨੀਆਂ ਲਈ ਬੰਦ ਸੀ। 2019 ਤੱਕ ਇੱਥੇ ਹਰ ਸਾਲ ਲਗਭਗ 20 ਹਜ਼ਾਰ ਸੈਲਾਨੀ ਆਉਂਦੇ ਸਨ।


author

Tanu

Content Editor

Related News