ਉੱਤਰਾਖੰਡ ਹਾਦਸੇ 'ਤੇ CM ਧਾਮੀ ਨੇ ਜਤਾਇਆ ਦੁੱਖ, PM ਮੋਦੀ ਨੇ ਕੀਤਾ ਮੁਆਵਜ਼ੇ ਦਾ ਐਲਾਨ

Saturday, Jun 15, 2024 - 08:55 PM (IST)

ਰੁਦਰਪ੍ਰਯਾਗ- ਉੱਤਰਾਖੰਡ 'ਚ ਵਾਪਰੇ ਹਾਦਸੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਜਤਾਇਆ ਹੈ ਅਤੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਹਰੇਕ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ 'ਚੋਂ 2-2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ। ਪੀ.ਐੱਮ. ਮੋਦੀ ਨੇ ਦੁੱਖ ਜਤਾਉਂਦੇ ਹੋਏ ਕਿਹਾ ਕਿ ਉੱਤਰਾਖੰਡ ਦੇ ਰੁਦਰਪ੍ਰਯਾਗ 'ਚ ਹੋਇਆ ਹਾਦਸਾ ਬੇਹੱਦ ਦੁੱਖਦਾਈ ਹੈ। ਇਸ ਵਿਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆਉਣ ਵਾਲੇ ਦੁੱਖੀ ਪਰਿਵਾਰਾਂ ਪ੍ਰਤੀ ਮੇਰੀ ਡੁੰਘੀ ਹਮਦਰਦੀ ਹੈ। ਇਸ ਦੇ ਨਾਲ ਹੀ ਮੈਂ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਸੂਬਾ ਸਰਕਾਰ ਦੀ ਦੇਖ-ਰੇਖ ਵਿਚ ਸਥਾਨਕ ਪ੍ਰਸ਼ਾਸਨ ਪੀੜਤਾਂ ਦੀ ਹਰ ਸੰਭਵ ਮਦਦ 'ਚ ਜੁਟਿਆ ਹੈ। 

ਜ਼ਿਕਰਯੋਗ ਹੈ ਕਿ ਉਤਰਾਖੰਡ 'ਚ ਰੁਦਰਪ੍ਰਯਾਗ ਨੇੜੇ ਰੰਤੋਲੀ 'ਚ ਬਦਰੀਨਾਥ ਹਾਈਵੇਅ 'ਤੇ ਯਾਤਰੀਆਂ ਨੂੰ ਲੈ ਕੇ ਜਾ ਰਿਹਾ ਇਕ ਟੈਂਪੂ ਟਰੈਵਲਰ ਅਲਕਨੰਦਾ ਨਦੀ 'ਚ ਡਿੱਗ ਗਿਆ। ਜਿਸ ਕਾਰਨ 10 ਯਾਤਰੀਆਂ ਦੀ ਮੌਤ ਹੋ ਗਈ, ਜਦਕਿ 13 ਯਾਤਰੀ ਗੰਭੀਰ ਜ਼ਖ਼ਮੀ ਹੋ ਗਏ।

ਗੰਭੀਰ ਰੂਪ 'ਚ ਜ਼ਖ਼ਮੀ 7 ਲੋਕ ਏਮਜ਼ ਰਿਸ਼ੀਕੇਸ਼ 'ਚ ਦਾਖਲ

ਪੁਲਸ ਦੇ ਇੰਸਪੈਕਟਰ ਜਨਰਲ ਨੇ ਦੱਸਿਆ ਕਿ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਨਿਰਦੇਸ਼ਾਂ 'ਤੇ ਹਾਦਸੇ 'ਚ ਗੰਭੀਰ ਜ਼ਖ਼ਮੀ ਹੋਏ 7 ਵਿਅਕਤੀਆਂ ਨੂੰ ਹੈਲੀਕਾਪਟਰ ਐਂਬੂਲੈਂਸ ਰਾਹੀਂ ਆਲ ਏਮਜ਼ ਰਿਸ਼ੀਕੇਸ਼ 'ਚ ਦਾਖ਼ਲ ਕਰਵਾਇਆ ਗਿਆ ਹੈ, ਜਦਕਿ 6 ਹੋਰ ਜ਼ਖ਼ਮੀਆਂ ਦਾ ਇਲਾਜ ਰੁਦਰਪ੍ਰਯਾਗ ਦੇ ਜ਼ਿਲ੍ਹਾ ਹਸਪਤਾਲ 'ਚ ਚੱਲ ਰਿਹਾ ਹੈ।

ਮੁੱਖ ਮੰਤਰੀ ਧਾਮੀ ਨੇ ਦਿੱਤੇ ਜਾਂਚ ਦੇ ਆਦੇਸ਼

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹਾਦਸੇ 'ਤੇ ਦੁੱਖ ਜਤਾਉਂਦੇ ਹੋਏ ਜ਼ਿਲ੍ਹਾ ਅਧਿਕਾਰੀ ਨੂੰ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਮੁੱਖ ਮੰਤਰੀ ਦੇ ਨਿਰਦੇਸ਼ 'ਤੇ ਗੰਭੀਰ ਰੂਪ ਨਾਲ ਜ਼ਖ਼ਮੀ ਯਾਤਰੀਆਂ ਨੂੰ ਏਅਰਲਿਫਟ ਕਰਕੇ ਏਮਜ਼ ਰਿਸ਼ੀਕੇਸ਼ ਪਹੁੰਚਾਇਆ ਗਿਆ। ਸੋਸ਼ਲ ਮੀਡੀਆ 'ਤੇ ਆਪਣੇ ਸੋਗ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਇਸ ਹਾਦਸੇ ਨੂੰ ਦੁੱਖਦਾਈ ਦੱਸਿਆ ਅਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਅਤੇ ਦੁੱਖੀ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਤਾਇਆ ਦੁੱਖ

ਇਸ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਕਸ 'ਤੇ ਪੋਸਟ ਕੀਤਾ ਅਤੇ ਹਾਦਸੇ 'ਚ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਪੋਸਟ ਕੀਤਾ,  ਉਤਰਾਖੰਡ ਦੇ ਰੁਦਰਪ੍ਰਯਾਗ ਵਿੱਚ ਸੜਕ ਹਾਦਸੇ ਦੀ ਦੁੱਖਦਾਈ ਖਬਰ ਮਿਲੀ ਹੈ। ਮੇਰੀ ਹਮਦਰਦੀ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਨਾਲ ਹੈ ਜਿਨ੍ਹਾਂ ਨੇ ਇਸ ਹਾਦਸੇ ਵਿੱਚ ਆਪਣੀ ਜਾਨ ਗਵਾਈ ਹੈ। ਸਥਾਨਕ ਪ੍ਰਸ਼ਾਸਨ ਅਤੇ ਐੱਸ.ਡੀ.ਆਰ.ਐੱਫ. ਦੀਆਂ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ ਅਤੇ ਜ਼ਖਮੀਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ।


Rakesh

Content Editor

Related News