ਉਤਰਾਖੰਡ ਦੇ ਜੰਗਲਾਤ ਮੰਤਰੀ ਹਰਕ ਸਿੰਘ ਰਾਵਤ ਦਾ ਵੱਡਾ ਬਿਆਨ, 2022 ''ਚ ਨਹੀਂ ਲੜਾਂਗੇ ਚੋਣ

10/23/2020 9:34:10 PM

ਦੇਹਰਾਦੂਨ - ਤ੍ਰਿਵੇਂਦਰ ਸਿੰਘ ਰਾਵਤ ਕੈਬਨਿਟ ਦੇ ਸੀਨੀਅਰ ਮੈਂਬਰ ਜੰਗਲ ਅਤੇ ਵਾਤਾਵਰਣ ਮੰਤਰੀ ਡਾ. ਹਰਕ ਸਿੰਘ ਰਾਵਤ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਸਾਲ 2022 'ਚ ਹੋਣ ਵਾਲੀ ਅਗਲੀ ਵਿਧਾਨ ਸਭਾ ਚੋਣ ਨਹੀਂ ਲੜਣਗੇ। ਇਹ ਉਨ੍ਹਾਂ ਦੀ ਵਿਅਕਤੀਗਤ ਇੱਛਾ ਹੈ ਜਿਸਦੇ ਨਾਲ ਉਨ੍ਹਾਂ ਨੇ ਪਾਰਟੀ ਨੂੰ ਵੀ ਜਾਣੂ ਕਰਵਾ ਦਿੱਤਾ ਹੈ। ਹਾਲਾਂਕਿ, ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਰਾਜਨੀਤੀ ਤੋਂ ਸੰਨ‍ਿਆਸ ਨਹੀਂ ਲੈ ਰਹੇ ਹਨ। ਉਨ੍ਹਾਂ ਦੇ ਇਸ ਬਿਆਨ ਨੇ ਰਾਜਨੀਤਕ ਹਲਕਿਆਂ 'ਚ ਹਲਚਲ ਮਚਾ ਦਿੱਤੀ ਹੈ।

ਸ਼ੁੱਕਰਵਾਰ ਨੂੰ ਮੀਡੀਆ ਨਾਲ ਗੱਲਬਾਤ 'ਚ ਉਨ੍ਹਾਂ ਕਿਹਾ ਕਿ, ਮੈਂ 2022 ਸੂਬੇ ਦੀ ਚੋਣ ਨਹੀਂ ਲੜਾਂਗਾ। ਮੈਂ ਲੰਬੇ ਸਮੇਂ ਤੋਂ ਵਿਧਾਇਕ ਹਾਂ। ਮੈਂ ਆਪਣੀ ਇੱਛਾ ਪਾਰਟੀ (ਭਾਜਪਾ) ਦੇ ਹਾਈ ਕਮਾਨ ਨੂੰ ਵੀ ਦੱਸਾਂਗਾ। ਮੈਂ ਰਾਜਨੀਤੀ ਤੋਂ ਸੰਨਿਆਸ ਨਹੀਂ ਲੈ ਰਿਹਾ ਹਾਂ ਅਤੇ ਹਮੇਸ਼ਾ ਪਾਰਟੀ ਲਈ ਕੰਮ ਕਰਾਂਗਾ। ਮੈਂ ਧਾਰੀ ਦੇਵੀ ਦੇ ਮੰਦਰ ਗਿਆ ਸੀ, ਉੱਥੇ ਮੈਂ ਪੂਜਾ ਕੀਤੀ। ਮੈਂ ਮਾਂ ਤੋਂ ਇਹੀ ਮੰਗਿਆ ਕਿ ਮੈਂ ਜੀਵਨ ਭਰ ਪ੍ਰਦੇਸ਼ ਦੇ ਲੋਕਾਂ ਦੀ ਸੇਵਾ ਕਰਦਾ ਰਹਾਂਗਾ।

ਕਿਰਤ ਅਤੇ ਜੰਗਲਾਤ ਮੰਤਰੀ ਹਰਕ ਸਿੰਘ ਦੀ ਸ਼੍ਰੀਨਗਰ ਸਥਿਤ ਧਾਰੀ ਦੇਵੀ 'ਚ ਬੇਹੱਦ ਸ਼ਰਧਾ ਹੈ। ਵੀਰਵਾਰ ਨੂੰ ਹਰਕ ਸਿੰਘ ਧਾਰੀ ਦੇਵੀ ਦੇ ਮੰਦਰ ਵੀ ਗਏ ਅਤੇ ਪੂਜਾ ਵੀ ਕੀਤੀ। ਇਸ ਤੋਂ ਪਹਿਲਾਂ ਵੀ 2012 ਦੇ ਮੰਤਰੀ ਅਹੁਦੇ ਦੇ ਵਿਵਾਦ ਦੌਰਾਨ ਵੀ ਹਰਕ ਧਾਰੀ ਦੇਵੀ ਦੇ ਮੰਦਰ 'ਚ ਗਏ ਸਨ ਅਤੇ ਇਸ ਤੋਂ ਬਾਅਦ ਉਨ੍ਹਾਂ ਕਿਹਾ ਸੀ ਕਿ ਉਹ ਮੰਤਰੀ ਅਹੁਦਾ ਨਹੀਂ ਲੈਣਗੇ ਪਰ ਬਾਅਦ 'ਚ ਹਰਕ ਮੰਤਰੀ ਬਣੇ ਵੀ। ਹਾਲ ਹੀ 'ਚ ਸੂਬਾ ਸਰਕਾਰ ਨੇ ਭਵਨ ਅਤੇ ਹੋਰ ਨਿਰਮਾਣ ਮਜ਼ਦੂਰ ਭਲਾਈ ਬੋਰਡ 'ਚ ਇੱਕ ਨਵੇਂ ਪ੍ਰਧਾਨ ਨੂੰ ਬਿਠਾ ਦਿੱਤਾ ਹੈ।
 


Inder Prajapati

Content Editor

Related News