ਜੰਗਲ ਦੀ ਅੱਗ ਨਾਲ ਘਿਰਿਆ ਬਦਰੀਨਾਥ ਨੈਸ਼ਨਲ ਹਾਈਵੇਅ
Monday, Jun 03, 2024 - 12:38 AM (IST)
ਜੋਸ਼ੀਮੱਠ- ਸੇਲੰਗ ਦੇ ਜੰਗਲਾਂ ’ਚ ਭੜਕੀ ਅੱਗ ਐਤਵਾਰ ਨੂੰ ਬਦਰੀਨਾਥ ਨੈਸ਼ਨਲ ਹਾਈਵੇਅ ਤੱਕ ਪਹੁੰਚ ਗਈ। ਜੰਗਲਾਤ ਵਿਭਾਗ ਦੇ 40 ਅਤੇ ਫਾਇਰ ਸਰਵਿਸ ਦੇ 9 ਕਰਮਚਾਰੀ ਇਸ ਅੱਗ ਨੂੰ ਬੁਝਾਉਣ ’ਚ ਲੱਗੇ ਰਹੇ ਪਰ ਅੱਗ ਦੀ ਭਿਆਨਕਤਾ ਅੱਗੇ ਉਹ ਬੇਵੱਸ ਹੀ ਰਹੇ। ਹਾਲਾਂਕਿ ਇਸ ਦੌਰਾਨ ਹਾਈਵੇਅ ਤੋਂ ਲੰਘਣ ਵਾਲੇ ਵਾਹਨ ਇਨ੍ਹਾਂ ਲਪਟਾਂ ’ਚੋਂ ਨਿਕਲਦੇ ਦੇਖੇ ਗਏ। ਖੁਸ਼ਕਿਸਮਤੀ ਨਾਲ ਕੋਈ ਹਾਦਸਾ ਨਹੀਂ ਵਾਪਰਿਆ। ਨੰਦਾ ਦੇਵੀ ਨੈਸ਼ਨਲ ਪਾਰਕ ਦੇ ਡਿਪਟੀ ਕੰਜ਼ਰਵੇਟਰ ਬੀਵੀ ਮਾਰਟੋਲੀਆ ਨੇ ਦੱਸਿਆ ਕਿ ਤੇਜ਼ ਹਵਾਵਾਂ ਨਾਲ ਅੱਗ ਭਿਆਨਕ ਰੂਪ ਧਾਰਨ ਕਰ ਰਹੀ ਹੈ। ਗਰਮੀ ਦੇ ਲਗਾਤਾਰ ਵਧਣ ਕਾਰਨ ਜੰਗਲਾਂ ’ਚ ਅੱਗ ਲੱਗ ਰਹੀ ਹੈ।
ਉਥੇ ਹੀ ਜੰਗਲ ਦੀ ਅੱਗ ਜਦੋਂ ਘਰ ਦੇ ਨਾਲ ਲੱਗਦੇ ਖੇਤ ਵਿੱਚ ਪਹੁੰਚੀ ਤਾਂ ਇਸ ਨੂੰ ਬੁਝਾਉਂਦੇ ਸਮੇਂ ਇੱਕ ਨਵ-ਵਿਆਹੀ ਔਰਤ ਗੰਭੀਰ ਰੂਪ ਵਿੱਚ ਝੁਲਸ ਗਈ। 80 ਫੀਸਦੀ ਤੋਂ ਵੱਧ ਸੜ ਚੁੱਕੀ ਵਿਆਹੁਤਾ ਔਰਤ ਨੂੰ ਸੀਐਚਸੀ ਬਾਗੀ ਲਿਆਂਦਾ ਗਿਆ, ਜਿੱਥੋਂ ਉਸ ਨੂੰ ਏਮਜ਼ ਰਿਸ਼ੀਕੇਸ਼ ਰੈਫਰ ਕਰ ਦਿੱਤਾ ਗਿਆ।