ਬੇਕਾਬੂ ਹੋਈ ਉਤਰਾਖੰਡ ਦੇ ਜੰਗਲਾਂ ਦੀ ਅੱਗ, ਮੋਰਚਾ ਸੰਭਾਲੇਗੀ NDRF
Sunday, Apr 04, 2021 - 02:50 PM (IST)
ਦੇਹਰਾਦੂਨ– ਉਤਰਾਖੰਡ ਦੇ ਜੰਗਲਾਂ ’ਚ ਬੇਕਾਬੂ ਹੋਈ ਅੱਗ ’ਤੇ ਕਾਬੂ ਪਾਉਣ ਲਈ ਕੇਂਦਰੀ ਮੰਤਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹੈਲੀਕਾਪਟਰ ਅਤੇ ਰਾਸ਼ਟਰੀ ਆਫਤ ਮੋਚਨ ਬਲ (ਐੱਨ.ਡੀ.ਆਰ.ਐੱਫ.) ਦੀਆਂ ਟੀਮਾਂ ਨੂੰ ਤੁਰੰਤ ਪ੍ਰਦੇਸ਼ ਭੇਜਣ ਲਈ ਐਤਵਾਰ ਨੂੰ ਹੁਕਮ ਦਿੱਤੇ ਹਨ। ਆਪਣੇ ਇਕ ਟਵੀਟ ’ਚ ਸ਼ਾਹ ਨੇ ਕਿਹਾ ਕਿ ਉਤਰਾਖੰਡ ਦੇ ਜੰਗਲਾਂ ’ਚ ਅੱਗ ਦੇ ਸੰਬੰਧ ’ਚ ਮੈਂ ਪ੍ਰਦੇਸ਼ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨਾਲ ਗੱਲ ਕਰਕੇ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਅੱਗ ’ਤੇ ਕਾਬੂ ਪਾਉਣ ਅਤੇ ਜਾਨ-ਮਾਲ ਦੇ ਨੁਕਸਾਨ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਤੁਰੰਤ ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਅਤੇ ਹੈਲੀਕਾਪਟਰ ਉਤਰਾਖੰਡ ਸਰਕਾਰ ਨੂੰ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਰਾਵਤ ਨੇ ਫੋਨ ਕਰਕੇ ਗ੍ਰਹਿ ਮੰਤਰੀ ਨੂੰ ਜੰਗਲਾਂ ’ਚ ਲੱਗੀ ਅੱਗ ਦੀ ਜਾਣਕਾਰੀ ਦਿੰਦੇ ਹੋਏ ਮਦਦ ਦੀ ਗੁਹਾਰ ਲਗਾਈ ਸੀ। ਰਾਵਤ ਨੇ ਕਿਹਾ ਕਿ ਜੰਗਲਾਂ ਦੀ ਅੱਗ ਨਾਲ ਨਾ ਸਿਰਫ ਜੰਗਲ ਦੀ ਦੌਲਤ ਨੂੰ ਨੁਕਸਾਨ ਹੋ ਰਿਹਾ ਹੈ ਸਗੋਂ ਜੰਗਲੀ ਜੀਵਾਂ ਨੂੰ ਵੀ ਨੁਕਸਾਨ ਹੋ ਰਿਹਾ ਹੈ। ਇਸ ਦੇ ਨਾਲ ਹੀ ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਰਾਜ ਵਿਚ ਜੰਗਲ ਦੀ ਅੱਗ ਦੀਆਂ ਘਟਨਾਵਾਂ ਬਾਰੇ ਇੱਕ ਐਮਰਜੈਂਸੀ ਮੀਟਿੰਗ ਵੀ ਬੁਲਾਈ ਹੈ।
प्रदेश में वनाग्नि की बढ़ती घटनाओं को देखते हुए माननीय केंद्रीय गृह मंत्री श्री @AmitShah जी से बात कर उनसे आग बुझाने हेतु हेलिकॉप्टर और एनडीआरएफ़ के सहयोग हेतु अनुरोध किया है। 1/3
— Tirath Singh Rawat (@TIRATHSRAWAT) April 4, 2021
ਜ਼ਿਕਰਯੋਗ ਹੈ ਕਿ ਪਿਛਲੇ 24 ਘੰਟਿਆਂ ਦੌਰਾਨ 62 ਹੈਕਟੇਅਰ ਜੰਗਲ ਖੇਤਰ ਵਿਚ ਲੱਗੀ ਅੱਗ ਨਾਲ 4 ਵਿਅਕਤੀਆਂ ਅਤੇ 7 ਜਾਨਵਰਾਂ ਦੀ ਮੌਤ ਹੋ ਗਈ ਹੈ। ਰਾਜ ਦੇ ਜੰਗਲਾਤ ਵਿਭਾਗ ਦੇ 12,000 ਗਾਰਡ ਅਤੇ ਫਾਇਰ ਨਿਗਰਾਨ ਅੱਗ ਬੁਝਾਉਣ ਲਈ ਤਾਇਨਾਤ ਹਨ। ਅੱਗ ਨੇ ਹੁਣ ਤੱਕ 37 ਲੱਖ ਰੁਪਏ ਦੀ ਜਾਇਦਾਦ ਨੂੰ ਨਸ਼ਟ ਕਰ ਦਿੱਤਾ ਹੈ।