ਹਵਾਈ ਫੌਜ ਦੇ ਹੈਲੀਕਾਪਟਰ ਨੇ 11500 ਫੁੱਟ ਦੀ ਉੱਚਾਈ ਤੋਂ ਕ੍ਰੈਸ਼ ਹੋਏ ਜਹਾਜ਼ ਨੂੰ ਚੁੱਕਿਆ

Monday, Oct 28, 2019 - 01:49 PM (IST)

ਹਵਾਈ ਫੌਜ ਦੇ ਹੈਲੀਕਾਪਟਰ ਨੇ 11500 ਫੁੱਟ ਦੀ ਉੱਚਾਈ ਤੋਂ ਕ੍ਰੈਸ਼ ਹੋਏ ਜਹਾਜ਼ ਨੂੰ ਚੁੱਕਿਆ

ਦੇਹਰਾਦੂਨ— ਉਤਰਾਖੰਡ ਦੇ ਪ੍ਰਸਿੱਧ ਕੇਦਾਰਨਾਥ ਮੰਦਰ ਕੋਲ ਬੀਤੇ ਦਿਨੀਂ ਹਾਦਸੇ ਦਾ ਸ਼ਿਕਾਰ ਹੋਏ ਇਕ ਪ੍ਰਾਈਵੇਟ ਹੈਲੀਕਾਪਟਰ ਨੂੰ ਭਾਰਤੀ ਹਵਾਈ ਫੌਜ ਦੇ ਅਧਿਕਾਰੀਆਂ ਨੇ ਐੱਮ.ਆਈ.-17 ਹੈਲੀਕਾਪਟਰ ਰਾਹੀਂ ਹੇਠਲੇ ਇਲਾਕਿਆਂ ਤੱਕ ਪਹੁੰਚਾਇਆ। ਸ਼ਨੀਵਾਰ ਨੂੰ ਏਅਰਫੋਰਸ ਦੇ ਜਵਾਨਾਂ ਨੇ ਇਸ ਹੈਲੀਕਾਪਟਰ ਨੂੰ ਦੇਹਰਾਦੂਨ ਕੋਲ ਸਹਿਸਤਰਧਾਰਾ ਹੈਲੀਪੈਡ ਤੱਕ ਪਹੁੰਚਾਇਆ, ਜਿੱਥੋਂ ਇਸ ਨੂੰ ਮੁਰੰਮਤ ਲਈ ਭੇਜਿਆ ਗਿਆ। ਜਾਣਕਾਰੀ ਅਨੁਸਾਰ, ਯੂ.ਟੀ. ਏਅਰ ਪ੍ਰਾ. ਲਿਮਟਿਡ ਦੇ ਇਸ ਚਾਪਰ ਨੂੰ ਦੇਹਰਾਦੂਨ ਤੱਕ ਪਹੁੰਚਾਉਣ ਲਈ ਕੰਪਨੀ ਦੇ ਅਧਿਕਾਰੀਆਂ ਨੇ ਏਅਰਫੋਰਸ ਤੋਂ ਮਦਦ ਮੰਗੀ ਸੀ।

 

ਸੂਤਰਾਂ ਅਨੁਸਾਰ ਕੰਪਨੀ ਦਾ ਚਾਪਰ ਬੀਤੇ ਦਿਨੀਂ ਕੇਦਾਰਨਾਥ ਕੋਲ ਕ੍ਰੈਸ਼ ਹੋ ਗਿਆ ਸੀ। ਕਿਉਂਕਿ ਇਸ ਖਰਾਬ ਚਾਪਰ ਨੂੰ ਮੁਰੰਮਤ ਲਈ ਸੜਕ ਮਾਰਗ ਰਾਹੀਂ ਲਿਆਉਣਾ ਸੰਭਵ ਨਹੀਂ ਸੀ, ਇਸ ਕਾਰਨ ਕੰਪਨੀ ਦੇ ਅਧਿਕਾਰੀਆਂ ਨੇ ਏਅਰਫੋਰਸ ਨੂੰ ਇਸ ਨੂੰ ਏਅਰਲਿਫਟ ਕਰਨ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਸ਼ਨੀਵਾਰ ਨੂੰ ਹਵਾਈ ਫੌਜ ਨੇ ਆਪਣੇ ਐੱਮ.ਆਈ.-17 ਹੈਲੀਕਾਪਟਰ ਨੂੰ ਇੱਥੇ ਆਪਰੇਸ਼ਨ ਲਈ ਭੇਜਿਆ ਅਤੇ ਫਿਰ ਖਰਾਬ ਚਾਪਰ ਨੂੰ ਦੇਹਰਾਦੂਨ ਦੇ ਸਹਿਸਤਰਧਾਰਾ ਹੈਲੀਪੈਡ ਤੱਕ ਏਅਰਲਿਫਟ ਕੀਤਾ ਗਿਆ।

11,500 ਫੁੱਟ ਦੀ ਉੱਚਾਈ 'ਤੇ ਹਵਾਈ ਫੌਜ ਵਲੋਂ ਕੀਤੇ ਗਏ ਇਸ ਖਾਸ ਆਪਰੇਸ਼ਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀ ਗਈ। ਇਸ ਤੋਂ ਬਾਅਦ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਹਵਾਈ ਫੌਜ ਦੀ ਤਾਕਤ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਇਸ ਸਾਲ ਕੇਦਾਰਨਾਥ ਧਾਮ ਦੇ ਕਪਾਟ ਨੂੰ ਅਕਤੂਬਰ ਮਹੀਨੇ ਦੇ ਅੰਤ 'ਚ ਬੰਦ ਕਰਨ ਦਾ ਪ੍ਰੋਗਰਾਮ ਤੈਅ ਹੈ। ਠੰਡ ਦੇ ਮੌਸਮ 'ਚ ਇਸ ਇਲਾਕੇ 'ਚ ਹਰ ਸਾਲ ਭਾਰੀ ਬਰਫਬਾਰੀ ਹੁੰਦੀ ਹੈ।


author

DIsha

Content Editor

Related News