ਉੱਤਰਾਖੰਡ ’ਚ ‘ਵੈਲੀ ਆਫ ਫਲਾਵਰਜ਼’ ਸੈਲਾਨੀਆਂ ਲਈ ਖੁੱਲ੍ਹੀ
Saturday, Jun 01, 2024 - 05:31 PM (IST)
ਗੋਪੇਸ਼ਵਰ (ਭਾਸ਼ਾ)- ਉਤਰਾਖੰਡ ਦੇ ਚਮੋਲੀ ਜ਼ਿਲ੍ਹੇ 'ਚ ਯੂਨੈਸਕੋ ਦੀ ਵਿਸ਼ਵ ਵਿਰਾਸਤ ਵਾਲੀਆਂ ਥਾਵਾਂ ਦੀ ਸੂਚੀ ’ਚ ਸ਼ਾਮਲ ‘ਵੈਲੀ ਆਫ ਫਲਾਵਰਜ਼’ ਨਾਮੀ ਨੈਸ਼ਨਲ ਪਾਰਕ ਨੂੰ ਸ਼ਨੀਵਾਰ ਸੈਲਾਨੀਆਂ ਲਈ ਖੋਲ੍ਹ ਦਿੱਤਾ ਗਿਆ | ਘੰਗਰੀਆ ਬੇਸ ਕੈਂਪ ਤੋਂ 48 ਸੈਲਾਨੀਆਂ ਦੇ ਪਹਿਲੇ ਜੱਥੇ ਨੂੰ ਉਪ ਵਣ ਕੰਜ਼ਰਵੇਟਰ ਬੀਬੀ ਮਰਟੋਲੀਆ ਵੱਲੋਂ ਘਾਟੀ ਵੱਲ ਰਵਾਨਾ ਕੀਤਾ ਗਿਆ। ਫੁੱਲਾਂ ਦੀ ਇਹ ਘਾਟੀ 87 ਵਰਗ ਕਿਲੋਮੀਟਰ ਦੇ ਖੇਤਰ ’ਚ ਫੈਲੀ ਹੋਈ ਹੈ ਜਿੱਥੇ ਹਿਮਾਲਿਆ ਦੀ ਦੁਰਲੱਭ ਬਨਸਪਤੀ ਵੇਖੀ ਜਾ ਸਕਦੀ ਹੈ।
ਬਰਫ਼ ਨਾਲ ਢਕੇ ਪਹਾੜਾਂ ਦਰਮਿਆਨ ਵਗਦੀ ਪੁਸ਼ਪਾਵਤੀ ਨਦੀ ਦੇ ਖੂਬਸੂਰਤ ਸੁਮੇਲ ਕਾਰਨ ਇਹ ਥਾਂ ਦੁਨੀਆ ਭਰ ਤੋਂ ਵੱਡੀ ਗਿਣਤੀ ’ਚ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦੀ ਹੈ। ਬੀਬੀ ਮਰਟੋਲੀਆ ਨੇ ਕਿਹਾ ਕਿ ਕਿਉਂਕਿ ਇਹ ਇਕ ਮਨਾਹੀ ਵਾਲਾ ਖੇਤਰ ਹੈ, ਇਸ ਲਈ ਸੈਲਾਨੀ ਰਾਤ ਨੂੰ ਇੱਥੇ ਨਹੀਂ ਰੁਕ ਸਕਦੇ। ਉਨ੍ਹਾਂ ਨੂੰ ਉਸੇ ਦਿਨ ਬੇਸ ਕੈਂਪ ’ਚ ਵਾਪਸ ਆਉਣਾ ਪੈਂਦਾ ਹੈ। ‘ਵੈਲੀ ਆਫ ਫਲਾਵਰਜ਼’ ਦੀ ਫੀਸ ਭਾਰਤੀਆਂ ਲਈ 200 ਰੁਪਏ ਤੇ ਵਿਦੇਸ਼ੀ ਨਾਗਰਿਕਾਂ ਲਈ 800 ਰੁਪਏ ਹੈ। ਇਹ 31 ਅਕਤੂਬਰ ਤੱਕ ਸੈਲਾਨੀਆਂ ਲਈ ਖੁੱਲ੍ਹੀ ਰਹੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8