UP ’ਚ ਦਰਦਨਾਕ ਹਾਦਸਾ; ਹਾਈ ਵੋਲਟੇਜ਼ ਕਰੰਟ ਦੀ ਲਪੇਟ ’ਚ ਆਉਣ ਨਾਲ 6 ਲੋਕਾਂ ਦੀ ਮੌਤ
Sunday, Oct 09, 2022 - 12:54 PM (IST)
ਬਹਿਰਾਈਚ- ਉੱਤਰ ਪ੍ਰਦੇਸ਼ ਦੇ ਬਹਿਰਾਈਚ ’ਚ ਐਤਵਾਰ ਨੂੰ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਬਾਰਾਵਫਾਤ ਦਾ ਜਲੂਸ ਕੱਢਣ ਦੌਰਾਨ ਹਾਈ ਵੋਲਟੇਜ਼ ਤਾਰਾਂ ਦੀ ਲਪੇਟ ’ਚ ਆਉਣ ਨਾਲ 6 ਲੋਕਾਂ ਦੀ ਮੌਤ ਹੋ ਗਈ, ਮਰਨ ਵਾਲਿਆਂ ’ਚ 2 ਬੱਚੇ ਵੀ ਸ਼ਾਮਲ ਹਨ। ਇਸ ਹਾਦਸੇ ’ਚ ਕਈ ਲੋਕ ਝੁਲਸੇ ਵੀ ਹਨ। ਪੁਲਸ ਮੁਤਾਬਕ ਕੋਤਵਾਲੀ ਨਾਨਪਾਰਾ ’ਚ ਪਿੰਡ ਭਗੜਵਾ ’ਚ ਆਯੋਜਿਤ ਜਲੂਸ ਦੌਰਾਨ ਤੜਕੇ 3 ਵਜੇ ਬਿਜਲੀ ਦੀ ਤਾਰ ਇਕ ਠੇਲ੍ਹੇ ਦੀ ਰਾਡ ਨਾਲ ਛੂਹ ਗਈ ਜਿਸ ਕਾਰਨ ਕਰੰਟ ਦੀ ਲਪੇਟ ’ਚ ਆ ਕੇ 6 ਲੋਕਾਂ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਕੁਝ ਲੋਕ ਝੁਲਸ ਗਏ।
ਇਸ ਹਾਦਸੇ ਮਗਰੋਂ ਭਾਜੜ ਮਚ ਗਈ, ਜਿਸ ਕਾਰਨ ਕਈ ਲੋਕ ਝੁਲਸ ਗਏ। ਪੁਲਸ ਮੁਤਾਬਕ ਤੜਕੇ ਜਲੂਸ ਜਿਵੇਂ ਹੀ ਮਾਸੂਪੁਰ ’ਚ ਪਹੁੰਚਿਆ, ਉਸ ’ਚ ਸ਼ਾਮਲ ਠੇਲ੍ਹੇ ਦੀ ਰਾਡ ਦੇ ਉੱਪਰ 11 ਹਜ਼ਾਰ ਵੋਲਟ ਦੀ ਤਾਰ ਛੂਹ ਗਈ। ਇਸ ਨਾਲ ਪੂਰਾ ਵਾਹਨ ਕਰੰਟ ਦੀ ਲਪੇਟ ’ਚ ਆ ਗਿਆ, ਜਿਸ ਨਾਲ ਉਸ ’ਚ ਸਵਾਰ 6 ਲੋਕਾਂ ਦੀ ਮੌਤ ਹੋ ਗਈ ਅਤੇ 6 ਤੋਂ ਵੱਧ ਲੋਕ ਝੁਲਸ ਗਏ। ਮੌਕੇ ’ਤੇ ਪੁਲਸ ਸੁਪਰਡੈਂਟ ਕੇਸ਼ਵ ਕੁਮਾਰ ਅਤੇ ਜ਼ਿਲ੍ਹਾ ਅਧਿਕਾਰੀ ਦਿਨੇਸ਼ ਚੰਦ ਨੇ ਪਹੁੰਚ ਕੇ ਬਚਾਅ ਕੰਮ ਕਰਵਾਇਆ। ਇਸ ਹਾਦਸੇ ਨਾਲ ਜਲੂਸ ’ਚ ਭਾਜੜ ਮਚ ਗਈ, ਜਿਸ ਕਾਰਨ ਕਾਫੀ ਲੋਕਾਂ ਨੂੰ ਸੱਟਾਂ ਲੱਗੀਆਂ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਮੌਕੇ ’ਤੇ ਭਾਰੀ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਇਸ ਹਾਦਸੇ ਮਗਰੋਂ ਪਿੰਡ ’ਚ ਮਾਤਮ ਛਾਇਆ ਹੋਇਆ ਹੈ।
ਇਸ ਘਟਨਾ ਦੀ ਜਾਣਕਾਰੀ ਮਿਲਣ ’ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਡੂੰਘਾ ਦੁੱਖ ਪ੍ਰਗਟਾਇਆ। ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਦੇ ਨਾਲ ਹੀ ਮੁੱਖ ਮੰਤਰੀ ਯੋਗੀ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਦੇ ਅਧਿਕਾਰੀਆਂ ਨੂੰ ਇਸ ਹਾਦਸੇ ’ਚ ਝੁਲਸੇ ਲੋਕਾਂ ਦੀ ਹਰ ਸੰਭਵ ਮਦਦ ਕਰਨ ਦਾ ਨਿਰਦੇਸ਼ ਦਿੱਤਾ ਹੈ।