ਪੁਲਸ ਕਤਲਕਾਂਡ ਦੇ ਮੁੱਖ ਦੋਸ਼ੀ ਦਾ ਸਾਥੀ ਗ੍ਰਿਫਤਾਰ, ਕਿਹਾ- ਥਾਣੇ ਤੋਂ ਆਏ ਫੋਨ ਤੋਂ ਬਾਅਦ ਹੋਈ ਵਾਰਦਾਤ

Sunday, Jul 05, 2020 - 03:23 PM (IST)

ਪੁਲਸ ਕਤਲਕਾਂਡ ਦੇ ਮੁੱਖ ਦੋਸ਼ੀ ਦਾ ਸਾਥੀ ਗ੍ਰਿਫਤਾਰ, ਕਿਹਾ- ਥਾਣੇ ਤੋਂ ਆਏ ਫੋਨ ਤੋਂ ਬਾਅਦ ਹੋਈ ਵਾਰਦਾਤ

ਕਾਨਪੁਰ- ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ 8 ਪੁਲਸ ਮੁਲਾਜ਼ਮਾਂ ਦਾ ਕਤਲ ਦੇ ਮਾਮਲੇ 'ਚ ਮੁੱਖ ਦੋਸ਼ੀ ਗੈਂਗਸਟਰ ਵਿਕਾਸ ਦੁਬੇ ਦੇ ਇਕ ਇਨਾਮੀ ਸਾਥੀ ਨੂੰ ਐਤਵਾਰ ਨੂੰ ਕਲਿਆਣਪੁਰ 'ਚ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਸੁਪਰਡੈਂਟ ਅਨਿਲ ਕੁਮਾਰ ਨੇ ਦੱਸਿਆ ਕਿ ਦੁਬੇ ਦੇ ਸਾਥੀ ਦਯਾ ਸ਼ੰਕਰ ਅਗਨੀਹੋਤਰੀ ਨੂੰ ਕਲਿਆਣਪੁਰ 'ਚ ਪੁਲਸ ਨਾਲ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਉਸ ਦੇ ਪੈਰ 'ਚ ਗੋਲੀ ਲੱਗੀ ਹੈ। ਉਸ ਨੂੰ ਲਾਲਾ ਲਾਜਪੱਤ ਰਾਏ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਸ 'ਤੇ 25 ਹਜ਼ਾਰ ਰੁਪਏ ਦਾ ਇਨਾਮ ਐਲਾਨ ਸੀ। ਫੜੇ ਗਏ ਬਦਮਾਸ਼ ਨੇ ਹਸਪਤਾਲ ਪਹੁੰਚੇ ਪੱਤਰਕਾਰਾਂ ਦੇ ਸਾਹਮਣੇ ਕਿਹਾ ਕਿ ਬੀਤੀ 2-3 ਜੁਲਾਈ ਦੀ ਰਾਤ ਨੂੰ ਬਿਕਰੂ ਪਿੰਡ 'ਚ ਵਾਰਦਾਤ ਤੋਂ ਪਹਿਲਾਂ, ਉਸ ਦੇ ਮਾਲਕ ਵਿਕਾਸ ਦੁਬੇ ਕੋਲ ਚੌਬੇਪੁਰ ਥਾਣੇ ਤੋਂ ਕਿਸੇ ਦਾ ਫੋਨ ਆਇਆ ਸੀ, ਜਿਸ ਤੋਂ ਬਾਅਦ ਉਸ ਨੇ ਪੁਲਸ ਨਾਲ ਸਿੱਧੇ ਟੱਕਰ ਲੈਣ ਲਈ ਉਸ ਨੂੰ ਅਤੇ ਸਾਥੀਆਂ ਨੂੰ ਫੋਨ ਕਰ ਕੇ ਘਰ ਬੁਲਾ ਲਿਆ ਸੀ।

PunjabKesariਪੁਲਸ ਸੁਪਰਡੈਂਟ ਨੇ ਦੱਸਿਆ ਕਿ ਪੁਲਸ ਨੂੰ ਅਗਨੀਹੋਤਰੀ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਪੁਲਸ ਨੇ ਕਲਿਆਣਪੁਰ-ਸ਼ਿਵਲੀ ਮਾਰਗ 'ਤੇ ਅਗਨੀਹੋਤਰੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਸ 'ਤੇ ਗੋਲੀ ਚੱਲਾ ਦਿੱਤੀ। ਹਾਲਾਂਕਿ ਉਸ ਨਾਲ ਕੋਈ ਜ਼ਖਮੀ ਨਹੀਂ ਹੋਇਆ। ਜਵਾਬੀ ਕਾਰਵਾਈ 'ਚ ਬਦਮਾਸ਼ ਨੂੰ ਪੁਲਸ ਦੀ ਗੋਲੀ ਲੱਗੀ ਅਤੇ ਉਸ ਨੂੰ ਦੌੜ ਕੇ ਫੜ ਲਿਆ ਗਿਆ। ਦੱਸਣਯੋਗ ਹੈ ਕਿ 2-3 ਜੁਲਾਈ ਦੀ ਦਰਮਿਆਨੀ ਰਾਤ ਨੂੰ ਚੌਬੇਪੁਰ ਬਿਕਰੂ ਪਿੰਡ 'ਚ ਹਿਸਟਰੀਸ਼ੀਟਰ ਵਿਕਾਸ ਦੁਬੇ ਨੂੰ ਇਕ ਮਾਮਲੇ 'ਚ ਫੜਨ ਗਈ ਪੁਲਸ ਟੀਮ 'ਤੇ ਵਿਕਾਸ ਦੇ ਘਰ ਦੀ ਛੱਤ 'ਤੇ ਮੌਜੂਦ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ ਸਨ। ਇਸ ਮਾਮਲੇ 'ਚ ਇਕ ਪੁਲਸ ਸਬ ਇੰਸਪੈਕਟਰ ਅਤੇ ਤਿੰਨ ਸਬ ਇੰਸਪੈਕਟਰਾਂ ਸਮੇਤ 8 ਪੁਲਸ ਮੁਲਾਜ਼ਮ ਸ਼ਹੀਦ ਹੋ ਗਏ ਸਨ।


author

DIsha

Content Editor

Related News