ਵੱਡੀ ਰਾਹਤ : ਬੋਕਾਰੋ ਤੋਂ UP ਪਹੁੰਚੀ ਆਕਸੀਜਨ ਐਕਸਪ੍ਰੈੱਸ, ਲਖਨਊ ਅਤੇ ਵਾਰਾਣਸੀ ਨੂੰ ਮਿਲੀ ''ਪ੍ਰਾਣਵਾਯੂ''

04/24/2021 10:49:48 AM

ਲਖਨਊ- ਰੇਲਵੇ ਦੀ ਆਕਸੀਜਨ ਐਕਸਪ੍ਰੈੱਸ ਅੱਜ ਯਾਨੀ ਸ਼ਨੀਵਾਰ ਸਵੇਰੇ ਕਰੀਬ 6.30 ਵਜੇ ਲਖਨਊ ਦੇ ਚਾਰਬਾਗ਼ ਰੇਲਵੇ ਸਟੇਸ਼ਨ ਪਹੁੰਚੀ। ਅਧਿਕਾਰਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੁਪਹਿਰ ਬੋਕਾਰੋ ਤੋਂ ਰਵਾਨਾ ਹੋਈ ਆਕਸੀਜਨ ਐਕਸਪ੍ਰੈੱਸ 30 ਹਜ਼ਾਰ ਲੀਟਰ ਤਰਲ ਆਕਸੀਜਨ ਲੈ ਕੇ ਲਖਨਊ ਆਈ ਹੈ। ਮੁੱਖ ਸਕੱਤਰ ਅਵਨੀਸ਼ ਅਵਸਥੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਆਕਸੀਜਨ ਐਕਸਪ੍ਰੈੱਸ ਮੈਡੀਕਲ ਆਕਸੀਜਨ ਦੇ 2 ਟੈਂਕਰ ਲੈ ਕੇ ਸਵੇਰੇ 6.30 ਵਜੇ ਲਖਨਊ ਪਹੁੰਚੀ। ਹਰ ਟੈਂਕਰ 15 ਹਜ਼ਾਰ ਲੀਟਰ ਸਮਰੱਥਾ ਦਾ ਹੈ। ਜਾਣਕਾਰੀ ਅਨੁਸਾਰ ਬੋਕਾਰੋ ਤੋਂ ਆਕਸੀਜਨ ਐਕਸਪ੍ਰੈੱਸ ਤਿੰਨ ਟੈਂਕਰ ਆਕਸੀਜਨ ਲੈ ਕੇ ਰਵਾਨਾ ਹੋਏ ਸਨ, ਜਿਨ੍ਹਾਂ 'ਚੋਂ ਇਕ ਟੈਂਕਰ ਸ਼ੁੱਕਰਵਾਰ/ਸ਼ਨੀਵਾਰ ਦੀ ਦਰਮਿਆਨੀ ਰਾਤ ਵਾਰਾਣਸੀ 'ਚ ਉਤਾਰਿਆ ਗਿਆ।

 

ਅਵਸਥੀ ਨੇ ਕਿਹਾ ਕਿ ਇਸ ਆਕਸੀਜਨ ਤੋਂ ਲਖਨਊ ਦੀ ਅੱਧੀ ਮੰਗ ਅੱਜ ਪੂਰੀ ਹੋ ਜਾਵੇਗੀ ਅਤੇ ਮਰੀਜ਼ਾਂ ਨੂੰ ਰਾਹਤ ਮਿਲੇਗੀ। ਸ਼ਨੀਵਾਰ ਨੂੰ ਰੇਲਵੇ ਦੀ ਦੂਜੀ ਆਕਸੀਜਨ ਐਕਸਪ੍ਰੈੱਸ ਸਵੇਰੇ 5.30 ਵਜੇ ਲਖਨਊ ਤੋਂ ਬੋਕਾਰੋ ਲਈ ਚਾਰ ਖਾਲੀ ਟੈਂਕਰਾਂ ਨਾਲ ਰਵਾਨਾ ਹੋਈ। ਬੁੱਧਵਾਰ ਨੂੰ ਰੇਲਵੇ ਨੇ ਕਿਹਾ ਸੀ ਕਿ ਸੂਬਾ ਸਰਕਾਰ ਤੋਂ ਅਪੀਲ ਮਿਲਣ ਤੋਂ ਬਾਅਦ ਉਹ ਉੱਤਰ ਪ੍ਰਦੇਸ਼ 'ਚ ਆਪਣੀ ਦੂਜੀ ਆਕਸੀਜਨ ਐਕਸਪ੍ਰੈੱਸ ਚਲਾਏਗਾ। ਉੱਤਰ ਪ੍ਰਦੇਸ਼ 'ਚ ਆਕਸੀਜਨ ਦੀ ਘਾਟ ਨੂੰ ਦੇਖਦੇ ਹੋਏ ਸੂਬਾ ਸਰਕਾਰ ਕਈ ਮੋਰਚਿਆਂ 'ਤੇ ਕੰਮ ਕਰ ਰਹੀ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਸ਼ੁੱਕਰਵਾਰ ਨੂੰ 'ਆਕਸੀਜਨ ਮਾਨਿਟਰਿੰਗ ਸਿਸਟਮ ਫਾਰ ਯੂ.ਪੀ.' ਨਾਮੀ ਡਿਜ਼ੀਟਲ ਪਲੇਟਫਾਰਮ ਦਾ ਉਦਘਾਟਨ ਕੀਤਾ ਸੀ। ਅਧਿਕਾਰਤ ਜਾਣਕਾਰੀ ਅਨੁਸਾਰ ਪ੍ਰਦੇਸ਼ ਦੇ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ 'ਚ ਕੋਵਿਡ-19 ਦੇ ਮੌਜੂਦਾ ਸੰਕਟ ਕਾਲ 'ਚ ਪੈਦਾ ਹੋਈ ਆਕਸੀਜਨ ਦੀ ਸਮੱਸਿਆ ਨਾਲ ਨਜਿੱਠਣ ਲਈ ਇਹ ਪਲੇਟਫਾਰਮ ਤਿਆਰ ਕੀਤਾ ਗਿਆ ਹੈ। ਇਕ ਸਰਕਾਰੀ ਬਿਆਨ 'ਚ ਅਵਸਥੀ ਨੇ ਦੱਸਿਆ ਕਿ ਆਕਸੀਜਨ ਲਈ ਡਿਜ਼ੀਟਲ ਪਲੇਟਫਾਰਮ ਦੀ ਵਿਵਸਥਾ ਸ਼ੁਰੂ ਕਰਨ ਵਾਲਾ ਉੱਤਰ ਪ੍ਰਦੇਸ਼ ਦੇਸ਼ ਦਾ ਪਹਿਲਾ ਸੂਬਾ ਹੈ।

ਇਹ ਵੀ ਪੜ੍ਹੋ : ‘ਪ੍ਰਾਣਵਾਯੂ’ ਦੀ ਘਾਟ ਦਰਮਿਆਨ ਕੋਵਿਡ ਰੋਗੀਆਂ ਲਈ ਨੇਕ ਲੋਕਾਂ ਨੇ ਖੋਲ੍ਹੇ ‘ਆਕਸੀਜਨ ਲੰਗਰ’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News