SDM ਕੋਲ ਬਜ਼ੁਰਗ ਨੇ ਲਾਈ ਗੁਹਾਰ, ਬੋਲੀ- ਸਾਬ੍ਹ! ਮੈਂ ਜ਼ਿੰਦਾ ਹਾਂ, ਮੇਰੀ ਪੈਨਸ਼ਨ ਚਾਲੂ ਕਰਵਾਓ
Thursday, Nov 03, 2022 - 03:59 PM (IST)
ਬਾਂਦਾ- ਸਾਬ੍ਹ ਅਜੇ ਮੈਂ ਜ਼ਿੰਦਾ ਹਾਂ। ਮੇਰੀ ਪੈਨਸ਼ਨ ਬੰਦ ਕਰ ਦਿੱਤੀ ਗਈ। ਮੇਰੀ ਪੈਨਸ਼ਨ ਤਾਂ ਚਾਲੂ ਕਰਵਾਓ। ਇਹ ਦਰਦ 72 ਸਾਲਾ ਬਜ਼ੁਰਗ ਔਰਤ ਦਾ ਹੈ। ਆਪਣਾ ਦਰਦ ਲੈ ਕੇ ਬਜ਼ੁਰਗ ਉੱਤਰ ਪ੍ਰਦੇਸ਼ ਦੇ ਬਾਂਦਾ ’ਚ ਸਬ-ਡਵੀਜ਼ਨਲ ਮੈਜਿਸਟ੍ਰੇਟ (SDM) ਕੋਲ ਗੁਹਾਰ ਲਾਉਣ ਪਹੁੰਚੀ। ਉਸ ਦਾ ਕਹਿਣਾ ਹੈ ਕਿ ਪਿੰਡ ਦੇ ਸਕੱਤਰ ਨੇ ਮੈਨੂੰ ਮ੍ਰਿਤਕ ਵਿਖਾ ਕੇ ਮੇਰੀ ਪੈਨਸ਼ਨ ਰੋਕ ਦਿੱਤੀ ਹੈ। ਬਜ਼ੁਰਗ ਔਰਤ ਦੀ ਜਨਵਰੀ 2022 ਤੋਂ ਪੈਨਸ਼ਨ ਰੁਕੀ ਹੈ ਅਤੇ ਉਹ ਅਧਿਕਾਰੀਆਂ ਦੇ ਚੱਕਰ ਕੱਟ-ਕੱਟ ’ਤੇ ਥੱਕ ਚੁੱਕੀ ਹੈ। ਹੁਣ ਉਸ ਕੋਲ ਪਿੰਡ ਤੋਂ ਤਹਿਸੀਲ ਆਉਣ ਤੱਕ ਦੇ ਪੈਸੇ ਨਹੀਂ ਹਨ।
ਇਹ ਵੀ ਪੜ੍ਹੋ- ਢਾਈ ਫੁੱਟ ਦੇ ਅਜ਼ੀਮ ਦੀ ਪੂਰੀ ਹੋਈ ਵਿਆਹ ਦੀ ਮੁਰਾਦ, ਬੈਂਡ-ਵਾਜਿਆਂ ਨਾਲ ਲਾੜੀ ਗਿਆ ਵਿਆਹੁਣ
ਇਹ ਮਾਮਲਾ ਮਹੂਆ ਬਲਾਕ ਤਹਿਸੀਲ ਨਰੈਣੀ ਖੇਤਰ ਦੇ ਸਰਸਵਾਹ ਪਿੰਡ ਦਾ ਹੈ। ਇੱਥੇ ਰਹਿਣ ਵਾਲੀ ਇਕ 72 ਸਾਲਾ ਬਜ਼ੁਰਗ ਔਰਤ ਪਿਛਲੇ 10 ਸਾਲਾਂ ਤੋਂ ਬੁਢਾਪਾ ਪੈਨਸ਼ਨ ਲੈ ਰਹੀ ਸੀ ਪਰ ਜਨਵਰੀ 2022 ’ਚ ਉਸ ਦੇ ਖਾਤੇ ਵਿਚ ਪੈਨਸ਼ਨ ਆ ਗਈ ਅਤੇ ਉਸ ਤੋਂ ਬਾਅਦ ਬੰਦ ਹੋ ਗਿਆ। ਬੈਂਕ ਜਾ ਕੇ ਉਸ ਨੂੰ ਪਤਾ ਲੱਗਾ ਕਿ ਵਿਭਾਗ ਵੱਲੋਂ ਉਸ ਦੀ ਪੈਨਸ਼ਨ ਬੰਦ ਕਰ ਦਿੱਤੀ ਗਈ ਹੈ। ਵਿਭਾਗ ਦੇ ਕਈ ਗੇੜੇ ਮਾਰੇ ਗਏ, ਉਥੇ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ। ਕਈ ਵਾਰ ਚੱਕਰ ਲਗਾਉਣ 'ਤੇ ਔਰਤ ਨੂੰ ਪਤਾ ਲੱਗਾ ਕਿ ਪਿੰਡ ਦੇ ਸੈਕਟਰੀ ਨੇ ਆਨਲਾਈਨ ਵੈਰੀਫਿਕੇਸ਼ਨ 'ਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਜਿਸ ਕਾਰਨ ਉਸ ਦੀ ਪੈਨਸ਼ਨ ਰੁਕ ਗਈ ਹੈ।
ਇਹ ਵੀ ਪੜ੍ਹੋ- ਮੁੰਬਈ ਏਅਰਪੋਰਟ ’ਤੇ 3 ਯਾਤਰੀ ਗ੍ਰਿਫ਼ਤਾਰ, ਕਾਰਨਾਮਾ ਜਾਣ ਹੋ ਜਾਵੋਗੇ ਹੈਰਾਨ
ਅਜਿਹੇ 'ਚ ਪ੍ਰੇਸ਼ਾਨ ਔਰਤ ਨੇ ਤਹਿਸੀਲ ਪਹੁੰਚ ਕੇ ਘਟਨਾ ਦੀ ਜਾਣਕਾਰੀ SDM ਕੋਲ ਕੀਤੀ। ਬਜ਼ੁਰਗ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ SDM ਨੇ ਤੁਰੰਤ ਜਾਂਚ ਦੇ ਹੁਕਮ ਦਿੱਤੇ ਹਨ। SDM ਰਜਤ ਵਰਮਾ ਨੇ ਦੱਸਿਆ ਕਿ ਬਜ਼ੁਰਗ ਔਰਤ ਦੇ ਆਧਾਰ ਅਤੇ ਬੈਂਕ ਖਾਤੇ ਵਿਚ ਨਾਮ ਵੱਖਰਾ ਹੈ। ਉਸ ਕੋਲੋਂ ਹੋਰ ਦਸਤਾਵੇਜ਼ ਮੰਗੇ ਗਏ ਹਨ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਕੋਈ ਵੀ ਇਸ ਮਾਮਲੇ |ਚ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।