DM ਨੇ ਪੇਸ਼ ਕੀਤੀ ਮਿਸਾਲ, ਸ਼ਹੀਦ ਦੀ ਧੀ ਦਾ ਕੰਨਿਆਦਾਨ ਕਰ ਨਿਭਾਇਆ ਪਿਓ ਦਾ ਫਰਜ਼
Wednesday, Dec 02, 2020 - 03:09 PM (IST)
ਦੇਵਰੀਆ- ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਦੇ ਡੀ.ਐੱਮ. ਅਮਿਤ ਕਿਸ਼ੋਰ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ। ਅਮਿਤ ਕਿਸ਼ੋਰ ਮੰਗਲਵਾਰ ਦੇਰ ਰਾਤ ਸ਼ਹੀਦ ਬੀ.ਐੱਸ.ਐੱਫ. ਜਵਾਨ ਦੇ ਘਰ ਪਹੁੰਚ ਗਏ ਅਤੇ ਉਨ੍ਹਾਂ ਦੀ ਧੀ ਦਾ ਕੰਨਿਆਦਾਨ ਕੀਤਾ। ਇਸ ਵਿਆਹ ਸਮਾਰੋਹ 'ਚ ਡੀ.ਐੱਮ. ਦੀ ਪਤਨੀ ਵੀ ਮੌਜੂਦ ਰਹੀ। ਡੀ.ਐੱਮ. ਅਮਿਤ ਨੇ ਪੂਰੇ ਪਰਿਵਾਰ ਨਾਲ ਨਵੇਂ ਵਿਆਹੇ ਜੋੜੇ ਨੂੰ ਆਸ਼ੀਰਵਾਦ ਦਿੱਤਾ ਅਤੇ ਇਕ ਪਿਓ ਦਾ ਫਰਜ਼ ਨਿਭਾਇਆ। ਡੀ.ਐੱਮ. ਵਲੋਂ ਨਿਭਾਏ ਗਏ ਪਿਓ ਦੇ ਫਰਜ਼ ਦੀ ਕਾਫ਼ੀ ਚਰਚਾ ਹੋ ਰਹੀ ਹੈ।
ਦਰਅਸਲ ਸਲੇਮਪੁਰ ਤਹਿਸੀਲ ਖੇਤਰ ਦੇ ਮਝੌਲੀਰਾਜ ਕਸਬੇ ਦੇ ਰਹਿਣ ਵਾਲੇ ਅਜੇ ਕੁਮਾਰ ਬੀ.ਐੱਸ.ਐੱਫ. ਦੇ 88ਵੀਂ ਬਟਾਲੀਅਨ 'ਚ ਤਾਇਨਾਤ ਸਨ। ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ 'ਚ 25 ਅਗਸਤ 2018 ਨੂੰ ਇਕ ਘਟਨਾ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਮ੍ਰਿਤਕ ਜਵਾਨ ਦੇ ਪਰਿਵਾਰ ਦੀ ਸਥਿਤੀ ਵਿਗੜ ਗਈ। ਮ੍ਰਿਤਕ ਜਵਾਨ ਦੀ ਕੁੜੀ ਸ਼ਿਵਾਨੀ ਰਾਵਤ ਨੇ ਡੀ.ਐੱਮ. ਅਮਿਤ ਕਿਸ਼ੋਰ ਨੂੰ ਇਕ ਭਾਵੁਕ ਚਿੱਠੀ ਲਿਖੀ, ਜਿਸ 'ਚ ਉਸ ਨੇ ਪੂਰੇ ਪਰਿਵਾਰ ਨੂੰ ਵਿਆਹ ਸਮਾਰੋਹ 'ਚ ਆ ਕੇ ਉਸ ਦਾ ਕੰਨਿਆਦਾਨ ਕਰਨ ਦੀ ਅਪੀਲ ਕੀਤੀ। ਸ਼ਹੀਦ ਦੀ ਧੀ ਦੀ ਇਸ ਚਿੱਠੀ ਨੇ ਡੀ.ਐੱਮ. ਨੂੰ ਉਸ ਦੇ ਵਿਆਹ 'ਚ ਆਉਣ 'ਤੇ ਮਜ਼ਬੂਰ ਕਰ ਦਿੱਤਾ। ਡੀ.ਐੱਮ. ਆਪਣੀ ਪਤਨੀ ਨਾਲ ਸ਼ਹੀਦ ਜਵਾਨ ਦੇ ਘਰ ਪਹੁੰਚ ਗਏ ਅਤੇ ਨਵ ਜੋੜੇ ਨੂੰ ਉਹ ਕੁਝ ਦਿੱਤਾ, ਜੋ ਇਕ ਪਿਓ ਆਪਣੀ ਧੀ ਦੀ ਵਿਦਾਈ ਦੌਰਾਨ ਦਿੰਦਾ ਹੈ।