ਯੂ.ਪੀ. : ਕੋਵਿਡ ਮਰੀਜ਼ਾਂ ਲਈ ਬਣਾਏ ਗਏ ਹਸਪਤਾਲ ''ਚ ਜਦੋਂ ਅਚਾਨਕ ਵਗਣ ਲੱਗਾ ''ਝਰਨਾ''
Monday, Jul 20, 2020 - 01:46 PM (IST)
ਬਰੇਲੀ- ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਇਕ ਮੈਡੀਕਲ ਕਾਲਜ ਦੀ ਵੱਡੀ ਲਾਪਰਵਾਹੀ ਕਾਰਨ ਕੋਵਿਡ ਮਰੀਜ਼ਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇੱਥੇ ਕੋਵਿਡ ਮਰੀਜ਼ਾਂ ਲਈ ਬਣਾਏ ਗਏ ਹਸਪਤਾਲ 'ਚ ਪਾਣੀ ਦੀ ਪਾਈਪ ਫਟਣ ਨਾਲ ਅਚਾਨਕ ਬਾਰਸ਼ ਦਾ ਪਾਣੀ ਭਰ ਗਿਆ। ਹਸਪਤਾਲ ਦੇ ਅੰਦਰ ਜਿੱਥੇ ਮਰੀਜ਼ਾਂ ਲਈ ਬੈੱਡ ਦੀ ਵਿਵਸਥਾ ਕੀਤੀ ਗਈ ਸੀ। ਉੱਥੇ ਵਿਚ ਹੀ ਪਾਈਪ ਫਟ ਗਿਆ ਅਤੇ ਕਮਰੇ ਦੇ ਵਿਚੋ-ਵਿਚ ਝਰਨੇ ਦੀ ਤਰ੍ਹਾਂ ਪਾਣੀ ਵਗਣ ਲੱਗਾ। ਥੋੜ੍ਹੀ ਹੀ ਦੇਰ 'ਚ ਵਾਰਡ 'ਚ ਚਾਰੇ ਪਾਸੇ ਪਾਣੀ ਹੀ ਪਾਣੀ ਦਿੱਸਣ ਲੱਗਾ। ਜਿਸ ਤੋਂ ਬਾਅਦ ਕੁਝ ਮਰੀਜ਼ਾਂ ਨੇ ਟਵਿੱਟਰ 'ਤੇ ਇਸ ਦੀ ਸ਼ਿਕਾਇਤ ਕੀਤੀ। ਟਵਿੱਟਰ 'ਤੇ ਸ਼ਿਕਾਇਤ ਹੋਣ ਤੋਂ ਬਾਅਦ ਮੈਡੀਕਲ ਕਾਲਜ ਪ੍ਰਸ਼ਾਸਨ ਹੋਸ਼ 'ਚ ਆਇਆ ਅਤੇ ਜਲਦੀ 'ਚ ਵਿਵਸਥਾ ਸਹੀ ਕੀਤੀ।
ਇਹ ਪੂਰਾ ਮਾਮਲਾ ਬਰੇਲੀ ਦੇ ਰਾਜਸ਼੍ਰੀ ਹਸਪਤਾਲ ਦਾ ਹੈ। ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਵਿਡ ਪੀੜਤ ਮਰੀਜ਼ਾਂ ਦੇ ਇਲਾਜ ਦੀ ਵਿਵਸਥਾ ਦੀ ਹੈ ਪਰ ਇਨ੍ਹਾਂ ਵਿਵਸਥਾਵਾਂ ਦਰਮਿਆਨ ਅਵਿਵਸਥਾ ਵੀ ਘੱਟ ਨਹੀਂ ਹੈ। ਬਾਰਸ਼ ਹੁੰਦੇ ਹੀ ਇੱਥੇ ਰੇਨ ਵਾਟਰ ਪਾਈਪ ਫਟ ਗਿਆ ਅਤੇ ਹਸਪਤਾਲ ਦਾ ਕੋਰੋਨਾ ਵਾਰਡ ਤਾਲਾਬ 'ਚ ਬਦਲ ਗਿਆ। ਪੀੜਤ ਮਰੀਜ਼ਾਂ ਦਰਮਿਆਨ ਵਗਦੇ ਹੋਏ ਪਾਣੀ ਪੂਰੇ ਹਸਪਤਾਲ ਦੇ ਵੇਹੜੇ 'ਚ ਵਗਣ ਲੱਗਾ। ਕਿਸੇ ਮਰੀਜ਼ ਨੇ ਇਸ ਘਟਨਾ ਦਾ ਇਕ ਵੀਡੀਓ ਰਿਕਾਰਡ ਕਰ ਕੇ ਟਵਿੱਟਰ 'ਤੇ ਪਾ ਦਿੱਤਾ, ਜਿਸ ਤੋਂ ਬਾਅਦ ਹੰਗਾਮਾ ਮਚ ਗਿਆ।
Covid ward in Bareilly..another example of @BJP4UP 's negligence of corona patients and the pandemic as a whole.@ANI @myogiadityanath @yadavakhilesh @MoHFW_INDIA https://t.co/FMQswR7l3q
— Sharvendra Bikram Singh (@sharvendrapyg) July 19, 2020
ਹੁਣ ਇਸ ਪੂਰੇ ਮਾਮਲੇ 'ਚ ਬਰੇਲੀ ਦੇ ਸਿਹਤ ਵਿਭਾਗ ਨੇ ਆਪਣੀ ਸਫ਼ਾਈ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਹਸਪਤਾਲ 'ਚ ਰਿਪੇਅਰਿੰਗ ਦਾ ਕੰਮ ਚੱਲ ਰਿਹਾ ਸੀ, ਜਿਸ ਕਾਰਨ ਪਾਈਪ ਫਟ ਗਿਆ ਅਤੇ ਪਾਣੀ ਫੈਲ ਗਿਆ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਹਾਲਾਤ ਸੁਧਾਰ ਲਏ ਗਏ ਹਨ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਇਸ ਘਟਨਾ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸੀ.ਐੱਮ. ਸਾਹਿਬ ਅਤੇ ਉਨ੍ਹਾਂ ਦੇ ਅਧਿਕਾਰੀਆਂ ਨੇ ਵਾਰ-ਵਾਰ ਪੂਰੇ ਬੈੱਡ ਹੋਣ ਅਤੇ ਕੋਰੋਨਾ ਨਾਲ ਲੜਾਈ 'ਚ ਸਭ ਕੁਝ ਸਹੀ ਹੋਣ ਦਾ ਦਾਅਵਾ ਕੀਤਾ ਹੈ ਪਰ ਇਨ੍ਹਾਂ ਖਬਰਾਂ 'ਚ ਹਾਲ ਦੇਖ ਕੇ ਹੀ ਸਮਝ ਜਾਣਗੇ ਕਿ ਯੂ.ਪੀ. ਸਰਕਾਰ ਦੀਆਂ ਅਸਫ਼ਲ ਤਿਆਰੀਆਂ, ਲਚਰ ਵਿਵਸਥਾ ਅਤੇ ਕਮਜ਼ੋਰੀਆਂ 'ਤੇ ਪਰਦਾ ਪਾਉਣ ਦੀ ਨੀਤੀ ਨੇ ਅੱਜ ਬੁਰਾ ਹਾਲ ਕਰ ਦਿੱਤਾ ਹੈ।