ਉੱਤਰ ਪ੍ਰਦੇਸ਼ ''ਚ ਭਿਆਨਕ ਬੇਰੋਜ਼ਗਾਰੀ ਨੂੰ ਇਸ਼ਤਿਹਾਰਾਂ ਨਾਲ ਨਹੀਂ ਲੁਕਾਇਆ ਜਾ ਸਕਦਾ : ਪ੍ਰਿਯੰਕਾ ਗਾਂਧੀ
Tuesday, Jun 30, 2020 - 05:30 PM (IST)
ਨਵੀਂ ਦਿੱਲੀ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਨੇ ਹਾਲ ਹੀ 'ਚ ਇਕ ਰੋਜ਼ਗਾਰ ਯੋਜਨਾ ਦਾ ਐਲਾਨ ਕਰ ਕੇ ਭਿਆਨਕ ਬੇਰੋਜ਼ਗਾਰੀ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਪਰ ਇਸ਼ਤਿਹਾਰਾਂ ਨਾਲ ਸੱਚਾਈ ਨੂੰ ਲੁਕਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਤੋਂ ਮਜ਼ਦੂਰਾਂ ਦੇ ਫਿਰ ਤੋਂ ਮੁੰਬਈ ਦਾ ਰੁਖ ਕਰਨ ਨਾਲ ਜੁੜੀ ਖਬਰ ਸ਼ੇਅਰ ਕਰਦੇ ਹੋਏ ਟਵੀਟ ਕੀਤਾ,''ਰੋਜ਼ਗਾਰ ਨੂੰ ਲੈ ਕੇ ਹਾਲੇ ਉੱਤਰ ਪ੍ਰਦੇਸ਼ ਸਰਕਾਰ ਦੇ ਆਯੋਜਨ 'ਚ ਬਹੁਤ ਐਲਾਨ ਹੋਏ ਪਰ ਉਸ ਦੀ ਅਸਲੀਅਤ ਖੁਦ ਮਜ਼ਦੂਰਾਂ ਤੋਂ ਸੁਣ ਲਵੋ। ਉੱਤਰ ਪ੍ਰਦੇਸ਼ 'ਚ ਕੋਈ ਕੰਮ ਨਹੀਂ ਹੈ, ਇਸ ਲਈ ਸਾਰਿਆਂ ਨੂੰ ਫਿਰ ਤੋਂ ਵਾਪਸ ਜਾਣਾ ਪੈ ਰਿਹਾ ਹੈ।''
ਕਾਂਗਰਸ ਦੀ ਉੱਤਰ ਪ੍ਰਦੇਸ਼ ਇੰਚਾਰਜ ਨੇ ਦਾਅਵਾ ਕੀਤਾ,''ਅੰਕੜਿਆਂ ਅਨੁਸਾਰ ਉੱਤਰ ਪ੍ਰਦੇਸ਼ ਤੋਂ ਲਗਭਗ 1.5 ਲੱਖ ਲੋਕ ਤਾਂ ਹਾਲੇ ਮੁੰਬਈ ਵਾਪਸ ਜਾ ਚੁਕੇ ਹਨ। ਸੂਬਾ ਸਰਕਾਰ ਨੇ ਇਕ ਆਯੋਜਨ ਰਾਹੀਂ ਪ੍ਰਦੇਸ਼ 'ਚ ਫੈਲੀ ਭਿਆਨਕ ਬੇਰੋਜ਼ਗਾਰੀ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਪਰ ਜ਼ਮੀਨੀ ਸੱਚਾਈ ਨੂੰ ਇਸ਼ਤਿਹਾਰਾਂ ਨਾਲ ਕਦੋਂ ਤੱਕ ਲੁਕਾਇਆ ਜਾ ਸਕਦਾ ਹੈ।'' ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਆਤਮਨਿਰਭਰ ਉੱਤਰ ਪ੍ਰਦੇਸ਼ ਰੋਜ਼ਗਾਰ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਦੀ ਅਗਵਾਈ 'ਚ ਜਿਸ ਤਰ੍ਹਾਂ ਆਫ਼ਤ ਨੂੰ ਮੌਕੇ 'ਚ ਬਦਲਿਆ ਗਿਆ, ਦੇਸ਼ ਦੇ ਹੋਰ ਸੂਬਿਆਂ ਨੂੰ ਵੀ ਇਸ ਯੋਜਨਾ ਨਾਲ ਬਹੁਤ ਕੁਝ ਸਿੱਖਣ ਨੂੰ ਮਿਲੇਗਾ।