ਚੀਨ ਜਾਂ ਪਾਕਿਸਤਾਨ ਨੇ ਭਾਰਤ ''ਚ ਛੱਡੀਆਂ ਹਨ ਜ਼ਹਿਰੀਲੀਆਂ ਗੈਸਾਂ : ਭਾਜਪਾ ਨੇਤਾ

11/06/2019 11:04:32 AM

ਮੇਰਠ— ਉੱਤਰ ਪ੍ਰਦੇਸ਼ ਭਾਜਪਾ ਦੇ ਸੀਨੀਅਰ ਨੇਤਾ ਵਿਨੀਤ ਅਗਰਵਾਲ ਸ਼ਾਰਦਾ ਦਾ ਮੰਨਣਾ ਹੈ ਕਿ ਉੱਤਰ ਭਾਰਤ 'ਚ ਛਾਈ ਘੁੰਦ ਲਈ ਪਾਕਿਸਤਾਨ ਅਤੇ ਚੀਨ ਵਰਗੇ ਗੁਆਂਢੀ ਦੇਸ਼ ਜ਼ਿੰਮੇਵਾਰ ਹਨ। ਭਾਜਪਾ ਨੇਤਾ ਅਨੁਸਾਰ, ਇਹ ਦੇਸ਼ ਭਾਰਤ ਨਾਲ ਲੜ ਨਹੀਂ ਸਕਦੇ, ਇਸ ਲਈ ਭਾਰਤ ਦੇ ਵਾਤਾਵਰਣ 'ਚ ਜ਼ਹਿਰੀਲੀ ਗੈਸਾਂ ਛੱਡ ਰਹੇ ਹਨ। ਮੰਗਲਵਾਰ ਨੂੰ ਭਾਜਪਾ ਦੇ ਯੂ.ਪੀ. ਵਪਾਰ ਸੈੱਲ ਦੇ ਪ੍ਰਧਾਨ ਵਿਨੀਤ ਸ਼ਾਰਦਾ ਨੇ ਮੀਡੀਆ ਨਾਲ ਗੱਲਬਾਤ 'ਚ ਕਿਹਾ,''ਭਾਰਤ 'ਚ ਕਿਸਾਨ ਸਦੀਆਂ ਤੋਂ ਪਰਾਲੀ ਸਾੜਦੇ ਆ ਰਹੇ ਹਨ। ਮੇਰੇ ਖਿਆਲ ਨਾਲ ਇਸ ਪ੍ਰਦੂਸ਼ਣ ਦੇ ਪਿੱਛੇ ਕੋਈ ਹੋਰ ਕਾਰਨ ਜ਼ਿੰਮੇਵਾਰ ਹੈ। ਇਹ ਜੋ ਜ਼ਹਿਰੀਲੀ ਹਵਾ ਆ ਰਹੀ ਹੈ, ਹੋ ਸਕਦਾ ਹੈ ਕਿਸੇ ਨਾਲ ਦੇ ਦੇਸ਼ ਨੇ ਛੱਡੀ ਹੋਵੇ ਜੋ ਸਾਡੇ ਤੋਂ ਘਬਰਾਇਆ ਹੋਇਆ ਹੋਵੇ। ਮੈਨੂੰ ਲੱਗਦਾ ਹੈ ਕਿ ਪਾਕਿਸਤਾਨ ਜਾਂ ਚੀਨ ਸਾਡੇ ਤੋਂ ਘਬਰਾਏ ਹੋਏ ਹਨ।''

ਕੇਜਰੀਵਾਲ ਦੀ ਕੀਤੀ ਆਲੋਚਨਾ
ਵਿਨੀਤ ਸ਼ਾਰਦਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਵੀ ਇਹ ਕਹਿੰਦੇ ਹੋਏ ਆਲੋਚਨਾ ਕੀਤੀ ਕਿ ਪ੍ਰਦੂਸ਼ਣ ਲਈ ਕਿਸਾਨਾਂ ਦੇ ਪਰਾਲੀ ਸਾੜਨ ਜਾਂ ਉਦਯੋਗ ਨੂੰ ਦੋਸ਼ ਦੇਣਾ ਠੀਕ ਨਹੀਂ ਹੈ। ਕਿਸਾਨ ਅਤੇ ਉਦਯੋਗ ਦੋਵੇਂ ਹੀ ਇਸ ਦੇਸ਼ ਦੀ ਰੀੜ੍ਹ ਦੀ ਹੱਡੀ ਹਨ।

ਅਮਿਤ ਸ਼ਾਹ ਕ੍ਰਿਸ਼ਨ ਅਤੇ ਮੋਦੀ ਅਰਜੁਨ ਹਨ
ਭਾਜਪਾ ਨੇਤਾ ਨੇ ਮੌਜੂਦਾ ਯੁਗ ਨੂੰ ਕ੍ਰਿਸ਼ਨ ਦਾ ਯੁਗ ਦੱਸਦੇ ਹੋਏ ਕਿਹਾ,''ਭਗਵਾਨ ਕ੍ਰਿਸ਼ਨ ਦੇ ਰੂਪ 'ਚ ਅਮਿਤ ਸ਼ਾਹ ਅਤੇ ਅਰਜੁਨ ਦੇ ਰੂਪ 'ਚ ਮੋਦੀ ਜੀ ਨੇ ਜੋ ਕੰਮ ਕੀਤਾ, ਉਹ ਰਣਨੀਤੀ ਅੱਜ ਤੱਕ ਕਿਸੇ ਨੇ ਬਣਾਈ ਨਹੀਂ ਹੈ ਅਤੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ।''

ਆਮ ਚੋਣਾਂ ਦੌਰਾਨ ਚਰਚਾ 'ਚ ਆਏ ਸਨ ਵਿਨੀਤ
ਦੱਸਣਯੋਗ ਹੈ ਕਿ ਵਿਨੀਤ ਸ਼ਾਰਦਾ ਇਸ ਸਾਲ ਹੋਈਆਂ ਆਮ ਚੋਣਾਂ ਦੌਰਾਨ ਵੀ ਚਰਚਾ 'ਚ ਆਏ ਸਨ। ਉਨ੍ਹਾਂ ਦਾ ਇਕ ਵੀਡੀਓ ਮਸ਼ਹੂਰ ਹੋਇਆ ਸੀ, ਜਿਸ 'ਚ ਇਕ ਭਾਸ਼ਣ ਦੌਰਾਨ ਉਨ੍ਹਾਂ ਨੇ ਲਗਭਗ 30 ਸੈਕਿੰਡ ਤੱਕ ਭਾਜਪਾ ਦੇ ਚੋਣ ਚਿੰਨ੍ਹ 'ਕਮਲ-ਕਮਲ' ਦਾ ਜਾਪ ਕੀਤਾ ਸੀ।


DIsha

Content Editor

Related News