ਥੱਪੜ ਮਾਰਨ ਤੋਂ ਗੁੱਸੇ ’ਚ ਆਏ ਵਿਦਿਆਰਥੀ ਨੇ ਪ੍ਰਿੰਸੀਪਲ ਨੂੰ ਮਾਰੀ ਗੋਲੀ, ਹਾਲਤ ਨਾਜ਼ੁਕ
Sunday, Sep 25, 2022 - 01:18 PM (IST)
ਸੀਤਾਪੁਰ/ਲਖਨਊ (ਨਾਸਿਰ)- ਉੱਤਰ ਪ੍ਰਦੇਸ਼ ਜ਼ਿਲ੍ਹੇ ਦੇ ਸਦਰਪੁਰ ’ਚ ਜਹਾਂਗੀਰਾਬਾਦ ਦੇ ਆਦਰਸ਼ ਰਾਮਸਵਰੂਪ ਇੰਟਰ ਕਾਲਜ ਦੇ ਪ੍ਰਿੰਸੀਪਲ ਨੂੰ ਇਕ ਵਿਦਿਆਰਥੀ ਨੇ ਗੋਲੀ ਮਾਰ ਦਿੱਤੀ। ਗੰਭੀਰ ਜ਼ਖਮੀ ਪ੍ਰਿੰਸੀਪਲ ਰਾਮ ਸਿੰਘ ਵਰਮਾ ਵਾਸੀ ਦਾਨਪੁਰਵਾ ਨੂੰ ਕਮਿਊਨਿਟੀ ਹੈਲਥ ਸੈਂਟਰ ਬਿਸਵਾਨ ਵਿਖੇ ਲਿਆਂਦਾ ਗਿਆ, ਜਿੱਥੋਂ ਉਸ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਲਖਨਊ ਭੇਜ ਦਿੱਤਾ ਗਿਆ ਹੈ।
ਜਹਾਂਗੀਰਾਬਾਦ ’ਚ ਆਦਰਸ਼ ਰਾਮਸਵਰੂਪ ਇੰਟਰ ਕਾਲਜ ਹੈ। ਪ੍ਰਬੰਧਕ ਅਮਰ ਸਿੰਘ ਵਰਮਾ ਅਤੇ ਉਨ੍ਹਾਂ ਦੇ ਵੱਡੇ ਭਰਾ ਰਾਮ ਸਿੰਘ ਵਰਮਾ ਕਾਲਜ ਦੇ ਪ੍ਰਿੰਸੀਪਲ ਹਨ। ਅਮਰ ਸਿੰਘ ਵਰਮਾ ਨੇ ਦੱਸਿਆ ਕਿ 12ਵੀਂ ਜਮਾਤ ’ਚ ਪੜ੍ਹਨ ਵਾਲੇ ਵਿਦਿਆਰਥੀ ਨੇ ਸ਼ੁੱਕਰਵਾਰ ਨੂੰ ਇਕ ਹੋਰ ਵਿਦਿਆਰਥੀ ਦੀ ਕੁੱਟਮਾਰ ਕਰ ਦਿੱਤੀ ਸੀ। ਇਸ ਨੂੰ ਲੈ ਕੇ ਪ੍ਰਿੰਸੀਪਲ ਨੇ ਉਸ ਨੂੰ ਦੋ ਥੱਪੜ ਮਾਰੇ ਸਨ।
ਅਮਰ ਸਿੰਘ ਮੁਤਾਬਕ ਸ਼ਨੀਵਾਰ ਨੂੰ ਉਨ੍ਹਾਂ ਦੇ ਭਰਾ ਪ੍ਰਿੰਸੀਪਲ ਰਾਮ ਸਿੰਘ ਵਰਮਾ ਕਾਲਜ ਕੋਲ ਪਹੁੰਚੇ ਹੀ ਸੀ, ਉਸ ਸਮੇਂ ਵਿਦਿਆਰਥੀ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਵਿਦਿਆਰਥੀ ਨੇ ਪ੍ਰਿੰਸੀਪਲ ਰਾਮ ਸਿੰਘ ’ਤੇ ਤਿੰਨ ਫਾਇਰ ਕੀਤੇ। ਗੋਲੀ, ਸਿਰ ਅਤੇ ਪੱਟ ’ਚ ਲੱਗੀ। ਪ੍ਰਿੰਸੀਪਲ ਦੀ ਹਾਲਤ ਗੰਭੀਰ ਹੈ। ਲਖਨਊ ’ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਸ ਵਲੋਂ ਵਿਦਿਆਰਥੀ ਦੀ ਭਾਲ ਕੀਤੀ ਜਾ ਰਹੀ ਹੈ।