ਅਮਰੀਕਾ ਦੇ ਸਕੂਲ ''ਚ ਹੋਏ ਕਤਲਕਾਂਡ ਦੇ ''ਭਾਰਤ'' ਨਾਲ ਜੁੜੇ ਤਾਰ ! ਹਥਿਆਰਾਂ ਦੀਆਂ ਤਸਵੀਰਾਂ ਨੇ ਸਭ ਦੇ ਉਡਾਏ ਹੋਸ਼
Thursday, Aug 28, 2025 - 10:06 AM (IST)

ਇੰਟਰਨੈਸ਼ਨਲ ਡੈਸਕ- ਅਮਰੀਕਾ 'ਚ ਬੁੱਧਵਾਰ ਨੂੰ ਇਕ ਸਨਸਨੀਖੇਜ਼ ਵਾਰਦਾਤ ਵਾਪਰੀ ਸੀ, ਜਿੱਥੇ ਮਿਨਿਸੋਟਾ ਸੂਬੇ ਦੇ ਮਿਨਿਆਪੋਲਿਸ ਸ਼ਹਿਰ ਸਥਿਤ ਇਕ ਕੈਥੋਲਿਕ ਸਕੂਲ 'ਚ ਦਾਖ਼ਲ ਹੋਏ ਇਕ ਹਥਿਆਰਬੰਦ ਹਮਲਾਵਰ ਨੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਾਰਨ 2 ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ 14 ਵਿਦਿਆਰਥੀ ਤੇ 3 ਪਾਸਟਰ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਸਾਰੇ ਬੱਚੇ ਪ੍ਰਾਰਥਨਾ ਸਭਾ ਲਈ ਇਕੱਠੇ ਹੋਏ ਸਨ।
ਹਮਲਾਵਰ ਦੀ ਪਛਾਣ 23 ਸਾਲਾ ਰਾਬਿਨ ਵੈਸਟਮੈਨ ਵਜੋਂ ਹੋਈ ਹੈ, ਜਿਸ ਨੇ Annunciation Catholic School ਦੇ ਅੰਦਰ ਦਾਖ਼ਲ ਹੋ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਤੇ 2 ਬੱਚਿਆਂ ਦੀ ਜਾਨ ਲੈ ਲਈ। ਇਹੀ ਨਹੀਂ, ਇਸ ਮਗਰੋਂ ਉਸ ਨੇ ਖ਼ੁਦ ਨੂੰ ਵੀ ਗੋਲ਼ੀ ਮਾਰ ਲਈ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਘਟਨਾ ਮਗਰੋਂ ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲਾ ਅੱਤਵਾਦ ਅਤੇ ਧਾਰਮਿਕ ਨਫਰਤ ਨਾਲ ਜੁੜਿਆ ਹੋ ਸਕਦਾ ਹੈ। ਐੱਫ.ਬੀ.ਆਈ. ਨੇ ਇਸ ਮਗਰੋਂ ਮਾਮਲੇ ਦੀ ਜਾਂਚ ਆਪਣੇ ਹੱਥਾਂ 'ਚ ਲੈ ਲਈ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਟੇਕ-ਆਫ਼ ਕਰਦਿਆਂ ਹੀ ਫਟ ਗਿਆ ਜਹਾਜ਼ ਦਾ ਟਾਇਰ, ਧਮਾਕੇ ਦੀ ਆਵਾਜ਼ ਸੁਣ...
ਇਸ ਮਗਰੋਂ ਹਮਲਾਵਰ ਦੇ ਹਥਿਆਰਾਂ ਦੀਆਂ ਤਸਵੀਰਾਂ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਤੇ ਭਾਰਤ ਤੇ ਅਮਰੀਕਾ ਵਿਰੋਧੀ ਨਫਰਤੀ ਸੁਨੇਹੇ ਲਿਖੇ ਹੋਏ ਸਨ, ਜਿਨ੍ਹਾਂ ਵਿੱਚ “Nuke India” (ਭਾਰਤ 'ਤੇ ਪਰਮਾਣੂ ਹਮਲਾ) ਅਤੇ “Kill Trump” (ਟਰੰਪ ਨੂੰ ਮਾਰ ਦਿਓ) ਵਰਗੇ ਸ਼ਬਦ ਸ਼ਾਮਲ ਸਨ। ਇਸ ਤੋਂ ਇਲਾਵਾ ਇਨ੍ਹਾਂ ਹਥਿਆਰਾਂ 'ਤੇ ਫਿਲਸਤੀਨ ਦੀ ਆਜ਼ਾਦੀ ਤੇ ਇਜ਼ਰਾਈਲ ਦੀ ਤਬਾਹੀ ਬਾਰੇ ਵੀ ਲਿਖਿਆ ਗਿਆ ਹੈ। ਉਸ ਨੇ ਹਮਲੇ ਤੋਂ ਪਹਿਲਾਂ ਯੂਟਿਊਬ 'ਤੇ ਹਿੰਸਕ ਵੀਡੀਓਜ਼ ਵੀ ਪੋਸਟ ਕੀਤੀਆਂ ਸਨ ਅਤੇ ਪੁਰਾਣੇ ਮਾਸ-ਸ਼ੂਟਰਾਂ ਦੀ ਪ੍ਰਸ਼ੰਸਾ ਵੀ ਕੀਤੀ ਸੀ।
ਇਸ ਹੈਵਾਨੀਅਤ ਭਰੇ ਹਮਲੇ ਤੋਂ ਬਾਅਦ ਪੂਰੇ ਅਮਰੀਕਾ ਵਿੱਚ ਗੁੱਸੇ ਅਤੇ ਸੋਗ ਦੀ ਲਹਿਰ ਦੌੜ ਗਈ ਹੈ। ਮਿਨੀਸੋਟਾ ਦੇ ਗਵਰਨਰ ਅਤੇ ਧਾਰਮਿਕ ਆਗੂਆਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ ਤੇ ਲੋਕਾਂ ਵੱਲੋਂ ਕੈਂਡਲ ਮਾਰਚ ਕੱਢ ਕੇ ਮਾਰੇ ਗਏ ਬੱਚਿਆਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e