ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ’ਤੇ ਕਿੰਨਾ ਅਸਰ ਪਾਉਣਗੇ ਅਮਰੀਕੀ ਅਦਾਲਤ ਵੱਲੋਂ ਭਾਰਤ ਸਰਕਾਰ ਨੂੰ ਭੇਜੇ ਗਏ ਸੰਮਨ ?
Saturday, Sep 21, 2024 - 05:40 AM (IST)
ਜਲੰਧਰ (ਅਨਿਲ ਪਾਹਵਾ) : ਅਮਰੀਕਾ ਅਤੇ ਭਾਰਤ ਦੇ ਰਿਸ਼ਤੇ ਪਿਛਲੇ ਲੰਬੇ ਸਮੇਂ ਤੋਂ ਕਾਫੀ ਗੂੜ੍ਹੇ ਰਹੇ ਹਨ। ਇਸ ਦੀ ਉਦਾਹਰਣ ਇਹ ਹੈ ਕਿ ਭਾਰਤ ਅਤੇ ਅਮਰੀਕਾ ਇਕ ਪਾਸੇ ਰਾਜਸਥਾਨ ’ਚ ਮਿਲ ਕੇ ਫੌਜੀ ਜੰਗੀ ਅਭਿਆਸ ਕਰ ਰਹੇ ਹਨ ਅਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਂ-ਸਮੇਂ ’ਤੇ ਅਮਰੀਕਾ ਦੇ ਦੌਰੇ ’ਤੇ ਆ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਰਾਸ਼ਟਰਪਤੀ ਬਾਈਡੇਨ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵੀ ਚੰਗੇ ਸਬੰਧ ਰਹੇ ਹਨ।
ਇਸ ਦੌਰਾਨ ਅਮਰੀਕੀ ਅਦਾਲਤ ਨੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨਾਲ ਸਬੰਧਤ ਇਕ ਮਾਮਲੇ ’ਚ ਭਾਰਤ ਸਰਕਾਰ ਅਤੇ ਹੋਰਨਾਂ ਨੂੰ ਸੰਮਨ ਜਾਰੀ ਕੀਤੇ ਹਨ, ਜਿਸ ਨਾਲ ਇਕ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ ਕਿ ਇਸ ਸਭ ਦਾ ਭਾਰਤ-ਅਮਰੀਕਾ ਦੇ ਰਿਸ਼ਤਿਆਂ ’ਤੇ ਕੀ ਅਸਰ ਪਵੇਗਾ। ਇਕ ਪਾਸੇ ਯੂਕ੍ਰੇਨ ਅਤੇ ਰੂਸ ਵਿਚਾਲੇ ਜੰਗ ਅਤੇ ਦੂਜੇ ਪਾਸੇ ਭਾਰਤ ਅਤੇ ਅਮਰੀਕਾ ਚੀਨ ਨਾਲ ਇਸ ਸਥਿਤੀ ’ਚ ਕਿਵੇਂ ਨਜਿੱਠਣਗੇ।
ਰੂਸ ਨਾਲ ਭਾਰਤ ਦੇ ਸਬੰਧਾਂ ਸਬੰਧੀ ਅਮਰੀਕਾ ’ਚ ਚਰਚਾ
ਹਾਲ ਹੀ ’ਚ ਪ੍ਰਧਾਨ ਮੰਤਰੀ ਮੋਦੀ ਰੂਸ ਦੇ ਦੌਰੇ ’ਤੇ ਗਏ ਸਨ ਅਤੇ ਉਨ੍ਹਾਂ ਨੇ ਟਵੀਟ ਕਰ ਕੇ ਇਹ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ ਸੀ ਕਿ ਰਾਸ਼ਟਰਪਤੀ ਪੁਤਿਨ ਨਾਲ ਉਨ੍ਹਾਂ ਦੀ ਗੱਲਬਾਤ ਕਾਫੀ ਸਕਾਰਾਤਮਕ ਰਹੀ। ਉਨ੍ਹਾਂ ਨੇ ਭਾਰਤ ਅਤੇ ਰੂਸ ਵਿਚਾਲੇ ਆਪਸੀ ਵਪਾਰ, ਸੁਰੱਖਿਆ, ਖੇਤੀਬਾੜੀ ਵਰਗੇ ਮੁੱਦਿਆਂ ’ਤੇ ਸਹਿਯੋਗ ਬਾਰੇ ਵੀ ਚਰਚਾ ਕੀਤੀ। ਇਸ ਦੌਰਾਨ ਅਮਰੀਕੀ ਵਿਦੇਸ਼ ਵਿਭਾਗ ਨੇ ਮੋਦੀ ਦੇ ਰੂਸ ਦੌਰੇ ’ਤੇ ਚਿੰਤਾ ਪ੍ਰਗਟਾਈ ਸੀ। ਪੈਂਟਾਗਨ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਭਾਰਤ ਯੂਕ੍ਰੇਨ ਜੰਗ ਨੂੰ ਰੋਕਣ ਲਈ ਨਿਆਂਪੂਰਨ ਸ਼ਾਂਤੀ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰੇਗਾ।
ਇਹ ਵੀ ਪੜ੍ਹੋ- ਕੱਟ'ਤੇ ਵਾਲ, ਵੱਢ'ਤਾ ਨੱਕ, ਪ੍ਰਾਈਵੇਟ ਪਾਰਟ 'ਤੇ ਕੈਂਚੀਆਂ ਨਾਲ ਕੀਤੇ ਵਾਰ, ਦਾਜ ਦੇ ਲਾਲਚ 'ਚ ਇੰਨਾ ਤਸ਼ੱਦਦ, ਤੌਬਾ-ਤੌਬਾ !
ਚੀਨ ਨਾਲ ਨਜਿੱਠਣ ਲਈ ਦੋਵਾਂ ਦਾ ਮਿਲ ਕੇ ਕੰਮ ਕਰਨਾ ਜ਼ਰੂਰੀ
ਭਾਰਤ ਨੇ ਲਗਾਤਾਰ ਅਮਰੀਕੀ ਪ੍ਰਸ਼ਾਸਨ ਨੂੰ ਭਾਰਤ ਵਿਰੋਧੀ ਸਮੂਹਾਂ ਲਈ ਸਿਆਸੀ ਪਨਾਹ ਨੂੰ ਸੀਮਤ ਕਰਨ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਰੂਸ ਦੇ ਤੇਲ ’ਤੇ ਭਾਰਤ ਦੀ ਸਥਿਤੀ ਅਤੇ ਰੂਸ ਵਿਰੁੱਧ ਪਾਬੰਦੀਆਂ ਨੂੰ ਨਜ਼ਰਅੰਦਾਜ਼ ਕਰਨ ਕਾਰਨ ਅਮਰੀਕਾ ਨੇ ਭਾਰਤ ਨਾਲ ਸੰਬੰਧਾਂ ਦੀ ਨਿੱਘ ਵਿਚ ਗਿਰਾਵਟ ਦਾ ਅਨੁਭਵ ਕੀਤਾ ਹੈ।
ਇਸ ਦੌਰਾਨ ਪ੍ਰਧਾਨ ਮੰਤਰੀ ਦਾ ਅਮਰੀਕਾ ਦੌਰਾ ਅਹਿਮ ਭੂਮਿਕਾ ਨਿਭਾ ਸਕਦਾ ਹੈ। ਦੋਵਾਂ ਦੇਸ਼ਾਂ ਲਈ ਇਕੱਠੇ ਰਹਿਣਾ ਅਤੇ ਸੰਬੰਧਾਂ ਨੂੰ ਮਜ਼ਬੂਤ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਦੋਵੇਂ ਦੇਸ਼ ਚੀਨ ਵੱਲੋਂ ਦਿੱਤੀਆਂ ਗਈਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਇਹੀ ਕਾਰਨ ਹੈ ਕਿ ਅਮਰੀਕਾ ਚੀਨ ਨਾਲ ਸਰਹੱਦੀ ਮੁੱਦਿਆਂ ਸਬੰਧੀ ਭਾਰਤੀ ਹਥਿਆਰਬੰਦ ਬਲਾਂ ਦਾ ਸਮਰਥਨ ਕਰ ਰਿਹਾ ਹੈ। ਦੱਖਣੀ ਚੀਨ ਤੋਂ ਪੈਦਾ ਹੋਣ ਵਾਲੀਆਂ ਚੁਣੌਤੀਆਂ ਖਿਲਾਫ ਵੀ ਭਾਰਤ ਅਤੇ ਅਮਰੀਕਾ ਇਕੱਠੇ ਮੋਰਚਾ ਖੋਲ੍ਹ ਰਹੇ ਹਨ।
ਸਾਬਕਾ ਸੀ.ਐੱਮ.ਸਵ. ਬਾਦਲ ਨੂੰ ਵੀ ਅਮਰੀਕੀ ਅਦਾਲਤ ਨੇ ਜਾਰੀ ਕੀਤੇ ਸਨ ਸੰਮਨ
ਅਮਰੀਕੀ ਅਦਾਲਤ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਇਕ ਵਾਰ ਸੰਮਨ ਭੇਜੇ ਗਏ ਸਨ। ਇਹ ਸੰਮਨ ਸਿੱਖਸ ਫਾਰ ਜਸਟਿਸ ਵੱਲੋਂ ਅਮਰੀਕਾ ਦੀ ਅਦਾਲਤ ’ਚ ਦਾਇਰ ਪਟੀਸ਼ਨ ਦੇ ਜਵਾਬ ’ਚ ਜਾਰੀ ਕੀਤੇ ਗਏ ਸਨ, ਜਿਸ ’ਚ ਦੋਸ਼ ਲਾਇਆ ਗਿਆ ਸੀ ਕਿ ਪੰਜਾਬ ’ਚ ਸਿੱਖਾਂ ’ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਸਾਲ 2012 ’ਚ ਜਾਰੀ ਸੰਮਨ ਤੋਂ ਬਾਅਦ ਦਸੰਬਰ 2013 ’ਚ ਅਮਰੀਕੀ ਅਦਾਲਤ ’ਚ ਇਹ ਮਾਮਲਾ ਰੱਦ ਹੋ ਗਿਆ ਸੀ।
ਇਹ ਵੀ ਪੜ੍ਹੋ- 24 ਸਾਲ ਤੋਂ ਲਿਬਨਾਨ 'ਚ ਫਸੇ ਵਿਅਕਤੀ ਦੀ ਸੰਤ ਸੀਚੇਵਾਲ ਨੇ ਕਰਵਾਈ ਘਰ ਵਾਪਸੀ, ਹੱਡਬੀਤੀ ਸੁਣ ਕੰਬ ਜਾਵੇਗੀ ਰੂਹ
ਕੀ ਹੈ ਪੂਰਾ ਮਾਮਲਾ
ਖਾਲਿਸਤਾਨੀ ਅੱਤਵਾਦੀ ਪੰਨੂ ਨੇ ਦਾਇਰ ਆਪਣੀ ਪਟੀਸ਼ਨ ਵਿਚ ਦੋਸ਼ ਲਾਇਆ ਹੈ ਕਿ ਮੋਦੀ ਸਰਕਾਰ ਨੇ ਉਸ ਦੀ ਹੱਤਿਆ ਲਈ ਭਾਰਤੀ ਕਾਰੋਬਾਰੀ ਨਿਖਿਲ ਗੁਪਤਾ ਨੂੰ ਨਿਊਯਾਰਕ ਵਿਚ ਕਿਰਾਏ ਦੇ ਕਾਤਲ (ਸੁਪਾਰੀ ਕਿੱਲਰ) ਦਾ ਇੰਤਜ਼ਾਮ ਕਰਨ ਦਾ ਕੰਮ ਸੌਂਪਿਆ ਗਿਆ ਹੈ। ਪੰਨੂ ਨੇ ਸ਼ਿਕਾਇਤ ਵਿਚ ਕੈਨੇਡਾ ਵਿਚ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਮੌਤ ਦਾ ਵੀ ਜ਼ਿਕਰ ਕੀਤਾ।
ਜ਼ਿਕਰਯੋਗ ਹੈ ਕਿ ਨਿਊਯਾਰਕ ਦੇ ਦੱਖਣੀ ਜ਼ਿਲੇ ਲਈ ਅਮਰੀਕੀ ਜ਼ਿਲਾ ਅਦਾਲਤ ਵੱਲੋਂ ਭਾਰਤ ਸਰਕਾਰ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਸਾਬਕਾ ਰਾਅ ਮੁਖੀ ਸਾਮੰਤ ਗੋਇਲ, ਰਾਅ ਦੇ ਏਜੰਟ ਵਿਕਰਮ ਯਾਦਵ ਅਤੇ ਭਾਰਤੀ ਕਾਰੋਬਾਰੀ ਨਿਖਿਲ ਗੁਪਤਾ ਦੇ ਨਾਵਾਂ ’ਤੇ ਸੰਮਨ ਜਾਰੀ ਕੀਤੇ ਗਏ ਹਨ।
ਅਮਰੀਕਾ ’ਚ ਵੱਖਵਾਦੀਆਂ ਦੀ ਮੌਜੂਦਗੀ ਭਾਰਤ ਲਈ ਚਿੰਤਾਜਨਕ
ਅਮਰੀਕਾ ਸਬੰਧੀ ਭਾਰਤ ਲਈ ਸਭ ਤੋਂ ਮਹੱਤਵਪੂਰਨ ਚਿੰਤਾ ਦਾ ਵਿਸ਼ਾ ਖਾਲਿਸਤਾਨੀ ਵੱਖਵਾਦੀਆਂ ਦੀ ਉਥੇ ਮੌਜੂਦਗੀ ਹੈ, ਜੋ ਅਮਰੀਕਾ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਹਮਦਰਦੀ ਦਾ ਫਾਇਦਾ ਉਠਾ ਰਹੇ ਹਨ। ਭਾਰਤ ਸਮੇਂ-ਸਮੇਂ ’ਤੇ ਇਨ੍ਹਾਂ ਮੁੱਦਿਆਂ ’ਤੇ ਅਮਰੀਕਾ ਨੂੰ ਜਾਣਕਾਰੀ ਦਿੰਦਾ ਰਿਹਾ ਹੈ। ਇਹ ਭਾਰਤ ਲਈ ਬਹੁਤ ਗੰਭੀਰ ਮੁੱਦਾ ਹੈ ਕਿਉਂਕਿ ਭਾਰਤ ਦਾ ਕਹਿਣਾ ਹੈ ਕਿ ਦੂਜੇ ਦੇਸ਼ਾਂ ਦੀ ਧਰਤੀ ’ਤੇ ਦੇਸ਼ ਵਿਰੁੱਧ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ, ਜੋ ਦੋਵਾਂ ਦੇਸ਼ਾਂ ਲਈ ਨੁਕਸਾਨਦੇਹ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e