ਤਿੱਬਤੀ ਮੁੱਦਿਆਂ ਲਈ ਅਮਰੀਕਾ ਦੀ ਵਿਸ਼ੇਸ਼ ਕੋਆਰਡੀਨੇਟਰ ਨੇ ਦਲਾਈ ਲਾਮਾ ਨਾਲ ਕੀਤੀ ਮੁਲਾਕਾਤ
Thursday, May 19, 2022 - 04:36 PM (IST)
ਧਰਮਸ਼ਾਲਾ (ਭਾਸ਼ਾ)- ਤਿੱਬਤੀ ਮਾਮਲਿਆਂ ਲਈ ਅਮਰੀਕਾ ਦੀ ਵਿਸ਼ੇਸ਼ ਕੋਆਰਡੀਨੇਟਰ ਉਜਰਾ ਜੇਯਾ ਨੇ ਵੀਰਵਾਰ ਨੂੰ ਇੱਥੇ ਦਲਾਈ ਲਾਮਾ ਨਾਲ ਮੁਲਾਕਾਤ ਕੀਤੀ ਅਤੇ ਅਮਰੀਕਾ 'ਚ ਆਜ਼ਾਦੀ ਅਤੇ ਲੋਕਤੰਤਰ ਦੀਆਂ ਖੁਸ਼ਹਾਲ ਪਰੰਪਰਾਵਾਂ ਬਾਰੇ ਚਰਚਾ ਕੀਤੀ। ਤਿੱਬਤ ਦੀ ਜਲਾਵਤਨੀ ਸਰਕਾਰ ਨੇ ਇਕ ਪ੍ਰੈੱਸ ਬਿਆਨ 'ਚ ਕਿਹਾ ਕਿ ਵਾਰਤਾ ਦੌਰਾਨ ਜੇਯਾ ਨੇ ਦਲਾਈ ਲਾਮਾ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਅਮਰੀਕਾ ਦੇ ਲੋਕਾਂ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਦਲਾਈ ਲਾਮਾ ਦੇ ਸ਼ਾਂਤੀ ਸੰਦੇਸ਼ਾਂ ਲਈ ਵਿਸ਼ਵ ਵਲੋਂ ਆਭਾਰ ਜਤਾਇਆ। ਬੈਠਕ 'ਚ ਤਿੱਬਤੀ ਨੇਤਾ ਪੇਨਪਾ ਸ਼ੇਰਿੰਗ, ਨੋਰਜਿਨ ਡੋਲਮਾ ਅਤੇ ਨਾਮਗਿਆਲ ਚੋਯਡੁਪ ਅਤੇ ਅਮਰੀਕਾ ਦੀ ਵਿਸ਼ੇਸ਼ ਕੋਆਰਡੀਨੇਟਰ ਦੇ ਵਫ਼ਦ ਦੇ ਮੈਂਬਰ ਵੀ ਸ਼ਾਮਲ ਹੋਏ।
ਦਲਾਮੀ ਲਾਮਾ ਨੇ ਕਿਹਾ ਕਿ ਉਨ੍ਹਾਂ ਵਲੋਂ ਸਰਵਸ਼੍ਰੇਸ਼ਠ ਕੋਸ਼ਿਸ਼ ਕੀਤੇ ਜਾਣ ਦੇ ਬਾਵਜੂਦ ਤਿੱਬਤੀ ਲੋਕਾਂ ਦਾ ਦਿਲ ਜਿੱਤਣ ਅਤੇ ਉਨ੍ਹਾਂ ਦਾ ਮਨ ਬਦਲਣ 'ਚ ਚੀਨ ਅਸਫ਼ਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਬਜਾਏ ਉਨ੍ਹਾਂ ਨੂੰ ਅਜਿਹਾ ਲੱਗਦਾ ਹੈ ਕਿ ਚੀਨ ਦੇ ਲੋਕ ਹੀ ਤੇਜ਼ੀ ਨਾਲ ਬਦਲ ਰਹੇ ਹਨ। ਜੇਯਾ ਧਰਮਸ਼ਾਲਾ ਦੀ 2 ਦਿਨਾ ਯਾਤਰਾ 'ਤੇ ਹੈ। ਬਿਆਨ ਅਨੁਸਾਰ, ਬੁੱਧਵਾਰ ਨੂੰ ਉਨ੍ਹਾਂ ਨੇ ਕੇਂਦਰੀ ਤਿੱਬਤੀ ਪ੍ਰਸ਼ਾਸਨ ਦਾ ਦੌਰਾ ਕੀਤਾ ਅਤੇ ਇਸ ਦੀ ਅਗਵਾਈ ਦੇ ਨਾਲ ਗੱਲਬਾਤ ਕੀਤੀ। ਉਹ ਤਿੱਬਤ ਦੀ ਜਲਾਵਤਨੀ ਸੰਸਦ, ਤਿੱਬਤੀਅਨ ਇੰਸਟੀਚਿਊਟ ਆਫ਼ ਪਰਫਾਰਮਿੰਗ ਆਰਟਸ ਵੀ ਗਈ ਅਤੇ ਤਿੱਬਤੀ ਨਾਗਰਿਕ ਸਮਾਜ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ।