ਅਮਰੀਕਾ ਦੇ ਰਾਸ਼ਟਰਪਤੀ ਬਾਈਡੇਨ ਨੇ ਭਾਰਤ 'ਚ ਹੋਏ ਰੇਲ ਹਾਦਸੇ 'ਤੇ ਪ੍ਰਗਟਾਇਆ ਦੁੱਖ, ਪੀੜਤਾਂ ਲਈ ਕੀਤੀ ਪ੍ਰਾਰਥਨਾ
Sunday, Jun 04, 2023 - 08:50 AM (IST)
ਵਾਸ਼ਿੰਗਟਨ (ਭਾਸ਼ਾ) ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਉਹ ਭਾਰਤ ਵਿਚ ਭਿਆਨਕ ਰੇਲ ਹਾਦਸੇ ਦੀ ਖ਼ਬਰ ਤੋਂ ਬਹੁਤ ਦੁਖੀ ਹਨ। ਓਡੀਸ਼ਾ ਦੇ ਬਾਲਾਸੋਰ 'ਚ ਸ਼ੁੱਕਰਵਾਰ ਨੂੰ ਹੋਏ ਰੇਲ ਹਾਦਸੇ 'ਚ 288 ਯਾਤਰੀਆਂ ਦੀ ਮੌਤ ਹੋ ਗਈ ਅਤੇ 1100 ਤੋਂ ਜ਼ਿਆਦਾ ਜ਼ਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ 12841 ਸ਼ਾਲੀਮਾਰ-ਚੇਨਈ ਕੇਂਦਰੀ ਕੋਰੋਮੰਡਲ ਐਕਸਪ੍ਰੈਸ ਅਤੇ 12864 ਬੈਂਗਲੁਰੂ-ਹਾਵੜਾ ਐਕਸਪ੍ਰੈਸ ਰੇਲਗੱਡੀ ਬਾਲਾਸੋਰ ਜ਼ਿਲ੍ਹੇ ਵਿੱਚ ਇੱਕ ਮਾਲ ਗੱਡੀ ਨਾਲ ਪਟੜੀ ਤੋਂ ਉਤਰ ਗਈ ਅਤੇ ਟਕਰਾ ਗਈ। ਬਾਈਡੇਨ ਨੇ ਇੱਕ ਬਿਆਨ ਵਿੱਚ ਕਿਹਾ ਕਿ “ਮੈਂ ਅਤੇ (ਫਸਟ ਲੇਡੀ) ਜਿਲ ਬਾਈਡੇਨ ਭਾਰਤ ਵਿੱਚ ਭਿਆਨਕ ਰੇਲ ਹਾਦਸੇ ਦੀ ਦੁਖਦਾਈ ਖ਼ਬਰ ਤੋਂ ਦੁਖੀ ਹਾਂ। ਸਾਡੇ ਵਿਚਾਰ ਉਨ੍ਹਾਂ ਲੋਕਾਂ ਦੇ ਨਾਲ ਹਨ ਜੋ ਇਸ ਭਿਆਨਕ ਘਟਨਾ ਵਿੱਚ ਜ਼ਖਮੀ ਹੋਏ ਅਤੇ ਆਪਣੇ ਪਿਆਰਿਆਂ ਨੂੰ ਗੁਆ ਚੁੱਕੇ ਹਨ।''
ਉਨ੍ਹਾਂ ਕਿਹਾ ਕਿ ''ਅਮਰੀਕਾ ਅਤੇ ਭਾਰਤ ਦੇ ਡੂੰਘੇ ਪਰਿਵਾਰਕ ਅਤੇ ਸੱਭਿਆਚਾਰਕ ਸਬੰਧ ਹਨ ਜੋ ਦੋਵਾਂ ਦੇਸ਼ਾਂ ਨੂੰ ਇਕਜੁੱਟ ਕਰਦੇ ਹਨ। ਅਮਰੀਕਾ ਭਰ ਦੇ ਲੋਕ ਭਾਰਤੀਆਂ ਨਾਲ ਇਸ ਦੁੱਖ ਨੂੰ ਸਾਂਝਾ ਕਰਦੇ ਹਨ। ਇੱਧਰ ਭਾਰਤ ਵਿਚ ਰੇਲਵੇ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 10 ਲੱਖ ਰੁਪਏ, ਗੰਭੀਰ ਜ਼ਖਮੀਆਂ ਨੂੰ 2 ਲੱਖ ਰੁਪਏ ਅਤੇ ਹੋਰ ਜ਼ਖਮੀਆਂ ਨੂੰ 50,000 ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਓਡੀਸ਼ਾ ਪਹੁੰਚੇ। ਇਸ ਦੌਰਾਨ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਵੀ ਮੌਜੂਦ ਰਹੇ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ ਏਅਰਲਾਈਨ ਨੇ ਅੰਤਰਰਾਸ਼ਟਰੀ ਯਾਤਰੀਆਂ ਦਾ ਵਜ਼ਨ ਕਰਨਾ ਕੀਤਾ ਸ਼ੁਰੂ, ਜਾਣੋ ਵਜ੍ਹਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਿਆਨਕ ਰੇਲ ਹਾਦਸੇ ਤੋਂ ਬਾਅਦ ਬਚਾਅ ਕਾਰਜ 'ਚ ਲੱਗੇ ਕਰਮਚਾਰੀਆਂ ਦੇ ਕੰਮ ਦੀ ਸ਼ਲਾਘਾ ਕੀਤੀ। ਲੋਕਾਂ ਦੀ ਹਿੰਮਤ ਅਤੇ ਦਇਆ ਦੀ ਵੀ ਸ਼ਲਾਘਾ ਕੀਤੀ। ਇੱਕ ਟਵੀਟ ਵਿੱਚ ਪੀ.ਐੱਮ ਮੋਦੀ ਨੇ ਵਿਸ਼ਵ ਨੇਤਾਵਾਂ ਦੇ ਉਨ੍ਹਾਂ ਦੇ ਸ਼ੋਕ ਸੰਦੇਸ਼ਾਂ ਲਈ ਧੰਨਵਾਦ ਕੀਤਾ। ਉਹਨਾਂ ਨੇ ਲਿਖਿਆ ਕਿ ਮੈਂ ਓਡੀਸ਼ਾ ਵਿੱਚ ਰੇਲ ਹਾਦਸੇ 'ਤੇ ਵਿਸ਼ਵ ਨੇਤਾਵਾਂ ਦੇ ਸ਼ੋਕ ਸੰਦੇਸ਼ਾਂ ਤੋਂ ਬਹੁਤ ਪ੍ਰਭਾਵਿਤ ਹਾਂ। ਉਨ੍ਹਾਂ ਦੀ ਸੰਵੇਦਨਾ ਪੀੜਤ ਪਰਿਵਾਰਾਂ ਨੂੰ ਬਲ ਬਖਸ਼ੇਗੀ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।