ਪੀਐੱਮ ਮੋਦੀ ਦੇ ਰੂਸ ਦੌਰੇ ''ਤੇ ਨਾਰਾਜ਼ ਸੀ ਅਮਰੀਕੀ ਰਾਜਦੂਤ, ਹੁਣ ਭਾਰਤ ਨੇ ਦਿੱਤਾ ਮੋੜਵਾਂ ਜਵਾਬ

Friday, Jul 19, 2024 - 08:50 PM (IST)

ਨਵੀਂ ਦਿੱਲੀ : ਭਾਰਤ ਵਿਚ ਅਮਰੀਕੀ ਰਾਜਦੂਤ ਏਰਿਕ ਗਾਰਸੇਟੀ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਭਾਰਤ-ਅਮਰੀਕਾ ਦੇ ਸਬੰਧ ਪਹਿਲਾਂ ਤੋਂ ਜ਼ਿਆਦਾ ਗਹਿਰੇ ਹਨ ਪਰ ਭਾਰਤ ਨੂੰ ਅਮਰੀਕਾ ਦੀ ਦੋਸਤੀ ਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ। ਉਨ੍ਹਾਂ ਦੀ ਇਹ ਟਿੱਪਣੀ ਪ੍ਰਧਾਨ ਮੰਤਰੀ ਦੇ ਰੂਸ ਦੌਰੇ ਦੇ ਠੀਕ ਬਾਅਦ ਆਈ ਸੀ, ਜਿਸ ਨੂੰ ਅਮਰੀਕਾ ਦੀ ਨਾਰਾਜ਼ਗੀ ਦੀ ਤਰ੍ਹਾਂ ਲਿਆ ਗਿਆ ਸੀ। ਹੁਣ ਭਾਰਤ ਨੇ ਗਾਰਸੇਟੀ ਦੀ ਇਸ ਟਿੱਪਣੀ ਦਾ ਜਵਾਬ ਦਿੱਤਾ ਹੈ।

ਭਾਰਤੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਆਪਣੀ ਹਫਤਾਵਾਰੀ ਪ੍ਰੈੱਸ ਕਾਨਫਰੰਸ ਵਿਚ ਅਮਰੀਕੀ ਰਾਜਦੂਤ ਦੀ ਟਿੱਪਣੀ 'ਤੇ ਕਿਹਾ ਕਿ ਦੂਜੇ ਦੇਸ਼ਾਂ ਵਾਂਗ ਭਾਰਤ ਵੀ ਆਪਣੀ ਰਣਨੀਤੀ ਸਵੈਯਤਾ ਨੂੰ ਮਹੱਤਵਪੂਰਨ ਦੱਸਦਾ ਹੈ।

ਉਸ ਨੇ ਕਿਹਾ ਕਿ ਅਮਰੀਕੀ ਰਾਜਦੂਤ ਨੂੰ ਆਪਣੀ ਰਾਏ ਰੱਖਣ ਦਾ ਹੱਕ ਹੈ। ਜ਼ਾਹਿਰ ਹੈ ਕਿ ਸਾਡੇ ਵਿਚਾਰ ਅਲੱਗ ਅਲੱਗ ਹਨ। ਅਮਰੀਕਾ ਦੇ ਨਾਲ ਸਾਡੀ ਗਲੋਬਲ ਰਣਨੀਤਿਕ ਸਾਂਝੇਦਾਰੀ ਸਾਨੂੰ ਕੁਝ ਮੁੱਦਿਆਂ 'ਤੇ ਅਸਹਿਮਤੀ ਦਾ ਸਨਮਾਨ ਕਰਨ ਦਾ ਵੀ ਮੌਕਾ ਦਿੰਦੀ ਹੈ।

ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਅੱਗੇ ਕਿਹਾ ਕਿ ਭਾਰਤ ਤੇ ਅਮਰੀਕਾ ਆਪਸੀ ਹਿੱਤਾਂ ਦੇ ਦੋਪੱਖੀ, ਖੇਤਰੀ ਤੇ ਗਲੋਬਲ ਮੁੱਦਿਆਂ 'ਤੇ ਲਗਾਤਾਰ ਚਰਚਾ ਕਰਦੇ ਹਨ। ਡਿਪਲੋਮੈਟਿਕ ਗੱਲਬਾਤ ਦਾ ਬਿਓਰਾ ਸਾਂਝਾ ਕਰਨਾ ਸਾਡੀ ਰਸਮ ਹੈ।

ਟਰੰਪ 'ਤੇ ਹੋਏ ਹਮਲੇ 'ਤੇ ਵਿਦੇਸ਼ ਮੰਤਰਾਲਾ
ਪ੍ਰੈੱਸ ਕਾਨਫਰੰਸ ਦੇ ਦੌਰਾਨ ਰਣਧੀਰ ਜੈਸਵਾਲ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਹੋਏ ਹਮਲੇ 'ਤੇ ਵੀ ਟਿੱਪਣੀ ਕੀਤੀ। ਉਨ੍ਹਾਂ ਨੇ ਕਿਹਾ ਕਿ ਅਸੀਂ ਡੋਨਾਲਡ ਟਰੰਪ 'ਤੇ ਹਮਲੇ ਤੋਂ ਵਾਕਿਫ ਹਾਂ। ਇਹ ਖਬਰ ਆਉਣ ਤੋਂ ਕੁਝ ਘੰਟਿਆਂ ਦੇ ਅੰਦਰ ਹੀ ਸਾਡੇ ਪ੍ਰਧਾਨ ਮੰਤਰੀ ਨੇ ਹਮਲੇ 'ਤੇ ਚਿੰਤਾ ਜ਼ਾਹਿਰ ਕੀਤੀ ਸੀ ਤੇ ਘਟਨਾ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿਆਸਤ ਤੇ ਲੋਕਤੰਤਰ ਵਿਚ ਹਿੰਸਾ ਦੀ ਕੋਈ ਥਾਂ ਨਹੀਂ ਹੈ। ਅਮਰੀਕਾ ਸਾਡਾ ਸਹਿਯੋਗੀ ਲੋਕਤੰਤਰ ਹੈ ਤੇ ਅਸੀਂ ਉਸ ਦੀ ਭਲਾਈ ਚਾਹੁੰਦੇ ਹਾਂ।

ਪ੍ਰਧਾਨ ਮੰਤਰੀ ਮੋਦੀ ਦੇ ਰੂਸ ਦੌਰੇ ਖਿਝੇ ਅਮਰੀਕਾ ਨੇ ਕੀ ਕਿਹਾ ਸੀ?
ਪ੍ਰਧਾਨ ਮੰਤਰੀ ਮੋਦੀ 8-10 ਜੁਲਾਈ ਦੇ ਵਿਚਾਲੇ ਰੂਸ ਦੌਰੇ 'ਤੇ ਸਨ ਜਿਸ ਤੋਂ ਪੱਛਮੀ ਦੇਸ਼ ਖਿਝ ਗਏ। ਰੂਸ ਯੂਕ੍ਰੇਨ ਜੰਗ ਦੇ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਦਾ ਰੂਸ ਜਾਣਾ ਅਮਰੀਕਾ ਨੂੰ ਰਾਸ ਨਹੀਂ ਆਇਆ ਤੇ ਉਸ ਦੇ ਕਈ ਸੀਨੀਅਰ ਅਧਿਕਾਰੀਆਂ ਨੇ ਇਸ ਦੀ ਸਖਤ ਨਿੰਦਾ ਕੀਤੀ। ਅਮਰੀਕਾ ਇਸ ਲਈ ਨਾਰਾਜ਼ ਸੀ  ਕਿਉਂਕਿ ਪ੍ਰਧਾਨ ਮੰਤਰੀ ਮੋਦੀ ਦਾ ਦੌਰਾ ਨੇਟੋ ਦੀ ਬੈਠਕ ਦੇ ਵਿਚਾਲੇ ਹੋ ਰਿਹਾ ਸੀ। ਇਸ ਨੂੰ ਲੈ ਕੇ ਅਮਰੀਕੀ ਰਾਜਦੂਤ ਗਾਰਸੇਟੀ ਨੇ ਕਿਹਾ ਸੀ ਕਿ ਭਾਰਤ ਨੂੰ ਅਮਰੀਕਾ ਦੀ ਦੋਸਤੀ ਨੂੰ ਫਾਰ ਗ੍ਰਾਂਟੇਡ ਯਾਨੀ ਹਲਕੇ ਵਿਚ ਨਹੀਂ ਲੈਣਾ ਚਾਹੀਦਾ।

ਬਿਨਾਂ ਮੋਦੀ ਦੇ ਰੂਸ ਦੌਰੇ ਦਾ ਜ਼ਿਕਰ ਕੀਤੇ ਦਿੱਲੀ ਵਿਚ ਇਕ ਡਿਫੈਂਸ ਕਾਨਕਲੇਵ 'ਚ ਗਾਰਸੇਟੀ ਨੇ ਕਿਹਾ ਸੀ ਕਿ ਮੈਂ ਜਾਣਦਾ ਹਾਂ ਤੇ ਇਸ ਦਾ ਸਨਮਾਨ ਕਰਦਾ ਹਾਂ ਕਿ ਭਾਰਤ ਆਪਣੀ ਰਣਨੀਤਿਕ ਸਵੈਯਤਾ ਨੂੰ ਪਸੰਦ ਕਰਦਾ ਹੈ। ਪਰ ਕਿਸੇ ਸੰਘਰਸ਼ ਦੇ ਲਈ ਰਣਨੀਤਿਕ ਸਵੈਯਤਾ ਜਿਹੀ ਕੋਈ ਚੀਜ਼ ਹੁੰਦੀ ਹੀ ਨਹੀਂ। ਸੰਕਟ ਦੇ ਸਮੇਂ ਸਾਨੂੰ ਇਕ-ਦੂਜੇ ਨੂੰ ਜਾਨਣ ਦੀ ਲੋੜ ਹੈ। ਮੈਂ ਨਹੀਂ ਜਾਣਦਾ ਕਿ ਇਸ ਨੂੰ ਕੀ ਨਾਂ ਦਿੱਤਾ ਜਾਵੇ ਪਰ ਸਾਨੂੰ ਇਹ ਜਾਨਣ ਦੀ ਲੋੜ ਹੈ ਕਿ ਅਸੀਂ ਦੋਸਤ, ਭਰਾ-ਭੈਣ ਤੇ ਸਹਿਕਰਮੀ ਹਾਂ।

ਅਮਰੀਕੀ ਦੂਤ ਨੇ ਅੱਗੇ ਕਿਹਾ ਕਿ ਇਕ-ਦੂਜੇ ਨਾਲ ਜੁੜੀ ਦੁਨੀਆ 'ਚ ਹੁਣ ਕੋਈ ਜੰਗ ਦੂਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਨੂੰ ਵੀ ਸਿਰਫ ਸ਼ਾਂਤੀ ਦੇ ਲਈ ਨਹੀਂ ਖੜ੍ਹਾ ਹੋਣਾ ਚਾਹੀਦਾ ਬਲਕਿ ਜੋ ਲੋਕ ਸ਼ਾਂਤੀ ਦੇ ਨਾਲ ਖਿਲਵਾੜ ਕਰਦੇ ਹਨ ਉਨ੍ਹਾਂ ਦੇ ਖਿਲਾਫ ਠੋਸ ਕਾਰਵਾਈ ਵੀ ਕਰਨੀ ਚਾਹੀਦੀ ਹੈ।

ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲਿਵਨ ਨੇ ਵੀ ਰੂਸ ਦੇ ਖਿਲਾਫ ਭਾਰਤ ਨੂੰ ਆਗਾਹ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਕੋਈ ਸੰਘਰਸ਼ ਹੁੰਦਾ ਹੈ ਤਾਂ ਰੂਸ ਭਾਰਤ ਦੀ ਤੁਲਨਾ ਵਿਚ ਚੀਨ ਨੂੰ ਤਰਜੀਹ ਦੇਵੇਗਾ।


Baljit Singh

Content Editor

Related News