ਕਾਂਗਰਸ ਛੱਡਣ ਮਗਰੋਂ ਉਰਮਿਲਾ ਮਾਤੋਂਡਕਰ ਨੇ ਮੀਡੀਆ ਨੂੰ ਕੀਤੀ ਅਪੀਲ

Tuesday, Sep 17, 2019 - 05:29 PM (IST)

ਕਾਂਗਰਸ ਛੱਡਣ ਮਗਰੋਂ ਉਰਮਿਲਾ ਮਾਤੋਂਡਕਰ ਨੇ ਮੀਡੀਆ ਨੂੰ ਕੀਤੀ ਅਪੀਲ

ਮੁੰਬਈ (ਭਾਸ਼ਾ)—ਅਭਿਨੇਤਰੀ ਅਤੇ ਸਿਆਸਤ 'ਚ ਆਈ ਉਰਮਿਲਾ ਮਾਤੋਂਡਕਰ ਨੇ ਮੰਗਲਵਾਰ ਨੂੰ ਸਪੱਸ਼ਟ ਕੀਤਾ ਕਿ ਉਹ ਕਿਸੇ ਵੀ ਸਿਆਸੀ ਪਾਰਟੀ 'ਚ ਸ਼ਾਮਲ ਨਹੀਂ ਹੋ ਰਹੀ ਹੈ। ਉਰਮਿਲਾ ਨੇ ਮੰਗਲਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ ਮੈਂ ਕਿਸੇ ਵੀ ਪਾਰਟੀ 'ਚ ਸ਼ਾਮਲ ਨਹੀਂ ਹੋ ਰਹੀ ਹਾਂ। ਮੀਡੀਆ ਨੂੰ ਬੇਨਤੀ ਹੈ ਕਿ ਕ੍ਰਿਪਾ ਕਰ ਕੇ ਜੋ ਵੀ ਉਹ ਸੁਣਦੇ ਹਨ, ਉਸ ਨੂੰ ਸਾਂਝਾ ਨਾ ਕਰਨ। ਇੱਥੇ ਦੱਸ ਦੇਈਏ ਕਿ ਇਸ ਤਰ੍ਹਾਂ ਦੀਆਂ ਅਟਕਲਾਂ ਸਨ ਕਿ ਕਾਂਗਰਸ ਛੱਡਣ ਮਗਰੋਂ ਉਰਮਿਲਾ ਸ਼ਿਵ ਸੈਨਾ ਵਿਚ ਸ਼ਾਮਲ ਹੋ ਸਕਦੀ ਹੈ।

ਉਰਮਿਲਾ ਦੀ ਸਫਾਈ ਇਨ੍ਹਾਂ ਖ਼ਬਰਾਂ ਤੋਂ ਬਾਅਦ ਆਈ ਕਿ ਉਹ ਕਾਂਗਰਸ ਛੱਡ ਕੇ ਸ਼ਿਵਸੈਨਾ ਮੁਖੀ ਉਧਵ ਠਾਕਰੇ ਦੇ ਕਰੀਬੀ ਸਹਿਯੋਗੀ ਮਿਲਿੰਦ ਨਾਰਵੇਕਰ ਨਾਲ ਸੰਪਰਕ ਵਿਚ ਹੈ ਅਤੇ ਸ਼ਿਵ ਸੈਨਾ 'ਚ ਸ਼ਾਮਲ ਹੋਣ 'ਤੇ ਵਿਚਾਰ ਕਰ ਸਕਦੀ ਹੈ। ਇਹ ਪਾਰਟੀ ਭਾਜਪਾ ਅਗਵਾਈ ਵਾਲੀ ਮਹਾਰਾਸ਼ਟਰ ਅਤੇ ਕੇਂਦਰ ਸਰਕਾਰ 'ਚ ਸਹਿਯੋਗੀ ਹੈ। ਮਹਾਰਾਸ਼ਟਰ ਵਿਚ ਵਿਧਾਨ ਸਭਾ ਚੋਣਾਂ ਅਗਲੇ ਮਹੀਨੇ ਹੋਣੀਆਂ ਹਨ। ਓਰਮਿਲਾ ਮਾਤੋਂਡਕਰ ਨੇ 10 ਸਤੰਬਰ ਨੂੰ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ। ਲੋਕ ਸਭਾ ਚੋਣਾਂ 2019 ਤੋਂ ਠੀਕ ਪਹਿਲਾਂ ਉਨ੍ਹਾਂ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ। ਪਾਰਟੀ ਵਿਚਾਲੇ ਮਨ-ਮੁਟਾਵ ਕਾਰਨ ਉਨ੍ਹਾਂ ਨੇ ਕਾਂਗਰਸ 'ਚੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੇ ਮੁੰਬਈ ਨੌਰਥ ਲੋਕ ਸਭਾ ਸੀਟ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜੀ ਸੀ ਪਰ ਭਾਜਪਾ ਦੇ ਗੋਪਾਲ ਸ਼ੈੱਟੀ ਤੋਂ ਹਾਰ ਗਈ ਸੀ।


author

Tanu

Content Editor

Related News