UPSC ਨੇ ਐਲਾਨੇ ਨਤੀਜੇ, ਸ਼ਕਤੀ ਦੁਬੇ ਰਹੀ ਟਾਪਰ

Wednesday, Apr 23, 2025 - 05:59 PM (IST)

UPSC ਨੇ ਐਲਾਨੇ ਨਤੀਜੇ, ਸ਼ਕਤੀ ਦੁਬੇ ਰਹੀ ਟਾਪਰ

ਨਵੀਂ ਦਿੱਲੀ- ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ. ਪੀ. ਐੱਸ. ਸੀ.) ਵੱਲੋਂ ਮੰਗਲਵਾਰ ਸਿਵਲ ਸੇਵਾਵਾਂ ਪ੍ਰੀਖਿਆ 2024 ਦੇ ਐਲਾਨੇ ਗਏ ਨਤੀਜਿਆਂ ’ਚ ਸ਼ਕਤੀ ਦੂਬੇ ਨੇ ਟਾਪ ਕੀਤਾ ਹੈ। ਉਹ ਪਹਿਲੇ ਨੰਬਰ ’ਤੇ ਆਈ ਹੈ। ਹਰਸ਼ਿਤਾ ਗੋਇਲ ਦੂਜੇ ਤੇ ਡੋਂਗਰੇ ਅਰਚਿਤ ਪਰਾਗ ਤੀਜੇ ਨੰਬਰ ’ਤੇ ਰਹੇ ਹਨ। ਦੂਬੇ ਇਲਾਹਾਬਾਦ ਯੂਨੀਵਰਸਿਟੀ ਤੋਂ ਬਾਇਓ-ਕੈਮਿਸਟਰੀ (ਬੈਚੁਲਰ ਆਫ਼ ਸਾਇੰਸ) ’ਚ ਗ੍ਰੈਜੂਏਟ ਹੈ।

ਕਮਿਸ਼ਨ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਦੁਬੇ ਨੇ ਰਾਜਨੀਤੀ ਸ਼ਾਸਤਰ ਤੇ ਅੰਤਰਰਾਸ਼ਟਰੀ ਸਬੰਧਾਂ ਨੂੰ ਬਦਲਵੇਂ ਵਿਸ਼ਿਆਂ ਵਜੋਂ ਪਾਸ ਕੀਤੀ ਹੈ। ਐੱਮ. ਐੱਸ. ਬੜੌਦਾ ਯੂਨੀਵਰਸਿਟੀ ਤੋਂ ਬੀ. ਕਾਮ. ਗ੍ਰੈਜੂਏਟ ਹਰਸ਼ਿਤਾ ਗੋਇਲ ਨੇ ਰਾਜਨੀਤੀ ਸ਼ਾਸਤਰ ਤੇ ਅੰਤਰਰਾਸ਼ਟਰੀ ਸਬੰਧਾਂ ਨੂੰ ਬਦਲਵੇਂ ਵਿਸ਼ਿਆਂ ਵਜੋਂ ਲਿਆ ਅਤੇ ਪ੍ਰੀਖਿਆ ਪਾਸ ਕੀਤੀ। ਡੋਂਗਰੇ ਅਰਚਿਤ ਪਰਾਗ ਨੇ ਵੀ. ਆਈ. ਟੀ. ਵੈਲੋਰ ਤੋਂ ਇਲੈਕਟ੍ਰੀਕਲ ਤੇ ਇਲੈਕਟ੍ਰਾਨਿਕਸ ਇੰਜੀਨੀਅਰਿੰਗ ’ਚ ਬੀ. ਟੈੱਕ. ਦੀ ਡਿਗਰੀ ਹਾਸਲ ਕੀਤੀ ਹੈ। ਉਸ ਨੇ ਫਿਲਾਸਫੀ ਨੂੰ ਇਕ ਬਦਲਵੇਂ ਵਿਸ਼ੇ ਵਜੋਂ ਲਿਆ ਸੀ। ਸ਼ਾਹ ਮਾਰਗੀ ਚਿਰਾਗ ਨੇ ਸਮਾਜ ਸ਼ਾਸਤਰ ਨੂੰ ਬਦਲਵੇਂ ਵਿਸ਼ੇ ਵਜੋਂ ਲੈ ਕੇ ਚੌਥਾ ਨੰਬਰ ਹਾਸਲ ਕੀਤਾ। ਉਸ ਨੇ ਗੁਜਰਾਤ ਟੈਕਨਾਲੋਜੀਕਲ ਯੂਨੀਵਰਸਿਟੀ, ਅਹਿਮਦਾਬਾਦ ਤੋਂ ਕੰਪਿਊਟਰ ਇੰਜੀਨੀਅਰਿੰਗ ’ਚ ‘ਬੈਚੁਲਰ ਆਫ਼ ਇੰਜੀਨੀਅਰਿੰਗ’ ਦੀ ਡਿਗਰੀ ਹਾਸਲ ਕੀਤੀ ਹੈ।

ਆਕਾਸ਼ ਗਰਗ ਜਿਸ ਕੋਲ ਕੰਪਿਊਟਰ ਸਾਇੰਸ ’ਚ ਬੀ. ਟੈੱਕ. ਦੀ ਡਿਗਰੀ ਹੈ ਤੇ ਸਮਾਜ ਸ਼ਾਸਤਰ ਇਕ ਬਦਲਵੇਂ ਵਿਸ਼ੇ ਵਜੋਂ ਹੈ, ਪੰਜਵੇਂ ਨੰਬਰ ’ਤੇ ਰਿਹਾ ਹੈ। ਉਸ ਨੇ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ, ਦਿੱਲੀ ਤੋਂ ਆਪਣੀ ਇੰਜੀਨੀਅਰਿੰਗ ਕੀਤੀ। ਚੋਟੀ ਦੇ ਪੰਜ ਸਫਲ ਉਮੀਦਵਾਰਾਂ ’ਚ 3 ਕੁੜੀਆਂ ਤੇ 2 ਮੁੰਡੇ ਹਨ। ਸਿਵਲ ਸੇਵਾਵਾਂ (ਪ੍ਰੀਲਿਮਿਨਰੀ) ਪ੍ਰੀਖਿਆ, 2024 ਪਿਛਲੇ ਸਾਲ 16 ਜੂਨ ਨੂੰ ਹੋਈ ਸੀ। ਇਸ ਪ੍ਰੀਖਿਆ ਲਈ ਕੁੱਲ 9,92,599 ਉਮੀਦਵਾਰਾਂ ਨੇ ਅਰਜ਼ੀਆਂ ਦਿੱਤੀਆਂ ਸਨ ਜਿਨ੍ਹਾਂ ’ਚੋਂ 5,83,213 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਸੀ। ਕੁੱਲ 14,627 ਉਮੀਦਵਾਰਾਂ ਨੇ ਲਿਖਤੀ (ਮੁੱਖ) ਪ੍ਰੀਖਿਆ ਲਈ ਯੋਗਤਾ ਪੂਰੀ ਕੀਤੀ ਜੋ ਸਤੰਬਰ 2024 ’ਚ ਹੋਈ ਸੀ। ਇਨ੍ਹਾਂ ’ਚੋਂ 2,845 ਉਮੀਦਵਾਰ ਸ਼ਖਸੀਅਤ ਟੈਸਟ ਜਾਂ ਇੰਟਰਵਿਊ ਲਈ ਪਾਸ ਹੋਏ। ਇਹ ਪ੍ਰੀਖਿਆ ਇਸ ਸਾਲ 7 ਜਨਵਰੀ ਤੋਂ 17 ਅਪ੍ਰੈਲ ਦਰਮਿਅਆਨ ਹੋਈ ਸੀ। ਇਨ੍ਹਾਂ ’ਚੋਂ 1,009 ਉਮੀਦਵਾਰਾਂ ਦੀ ਕਮਿਸ਼ਨ ਨੇ ਵੱਖ-ਵੱਖ ਸੇਵਾਵਾਂ ’ਚ ਨਿਯੁਕਤੀ ਲਈ ਸਿਫਾਰਸ਼ ਕੀਤੀ ਹੈ। ਇਨ੍ਹਾਂ ’ਚ 725 ਮੁੰਡੇ ਤੇ 284 ਕੁੜੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News