ਹਰਿਆਣਾ ਅਤੇ ਬਿਹਾਰ ਦੇ ਤੁਸ਼ਾਰ ''ਚੋਂ ਕਿਸ ਨੇ ਕੀਤੀ ਪ੍ਰੀਖਿਆ ਪਾਸ, UPSC ਨੇ ਕੀਤਾ ਸਾਫ਼

05/27/2023 4:51:37 PM

ਰੋਹਤਕ- ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਸਿਵਲ ਸੇਵਾਵਾਂ ਪ੍ਰੀਖਿਆਵਾਂ ਦੇ ਹਾਲ ਹੀ 'ਚ ਐਲਾਨੇ ਗਏ ਨਤੀਜਿਆਂ 'ਚ 44ਵੇਂ ਰੈਂਕ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਸ਼ਾਂਤ ਕਰਦੇ ਹੋਏ ਸਪੱਸ਼ਟ ਕੀਤਾ ਹੈ ਕਿ ਬਿਹਾਰ ਦਾ ਤੁਸ਼ਾਰ ਕੁਮਾਰ ਅਸਲੀ ਉਮੀਦਵਾਰ ਹੈ ਜਦੋਂਕਿ ਹਰਿਆਣਾ ਦੇ ਰੇਵਾੜੀ ਸ਼ਹਿਰ ਦਾ ਤੁਸ਼ਾਰ ਇਹ ਪ੍ਰੀਖਿਆ ਪਾਸ ਨਹੀਂ ਕਰ ਸਕਿਆ। UPSC ਨੇ ਮੰਨਿਆ ਹੈ ਕਿ ਬਿਹਾਰ ਦੇ ਭਾਗਲਪੁਰ ਵਾਸੀ ਤੁਸ਼ਾਰ ਕੁਮਾਰ ਨੇ ਹੀ ਪ੍ਰੀਖਿਆ ਪਾਸ ਕੀਤੀ ਹੈ ਅਤੇ ਉਨ੍ਹਾਂ ਦੀ 44ਵੀਂ ਰੈਂਕ ਹੈ। ਦਰਅਸਲ UPSC ਨੇ  23 ਮਈ ਨੂੰ ਨਤੀਜੇ ਐਲਾਨੇ ਸਨ। ਨਤੀਜੇ ਆਉਣ ਮਗਰੋਂ ਰੇਵਾੜੀ ਦੇ ਤੁਸ਼ਾਰ ਲਈ ਵਧਾਈ ਸੰਦੇਸ਼ ਆਉਣੇ ਸ਼ੁਰੂ ਹੋ ਗਏ ਅਤੇ ਜਿਵੇਂ ਹੀ ਉਸਨੇ 44ਵਾਂ ਰੈਂਕ ਪ੍ਰਾਪਤ ਕਰਕੇ ਚੁਣੇ ਜਾਣ ਦਾ ਦਾਅਵਾ ਕੀਤਾ ਤਾਂ ਲੋਕ ਉਸਦੇ ਘਰ ਇਕੱਠੇ ਹੋਣੇ ਸ਼ੁਰੂ ਹੋ ਗਏ। ਮੀਡੀਆ ਵਾਲੇ ਵੀ ਉਸ ਦੀ ਇੰਟਰਵਿਊ ਲੈਣ ਲਈ ਉਸ ਦੇ ਘਰ ਪਹੁੰਚ ਗਏ।

UPSC ਵਲੋਂ ਤੁਸ਼ਾਰ ਕੁਮਾਰ ਦਾ ਨਾਂ ਅਤੇ ਰੋਲ ਨੰਬਰ 1521306 ਦਿੱਤਾ ਗਿਆ ਸੀ। ਨਤੀਜਾ ਆਉਣ ਮਗਰੋਂ ਰੇਵਾੜੀ ਦੇ ਤੁਸ਼ਾਰ ਨੇ ਦਾਅਵਾ ਕੀਤਾ ਸੀ ਕਿ ਉਹ ਪ੍ਰੀਖਿਆ ਵਿਚ ਪਾਸ ਹੋਇਆ ਹੈ। ਉਨ੍ਹਾਂ ਨੇ ਰੋਲ ਨੰਬਰ 1521306 ਵਾਲਾ ਆਪਣਾ ਇੰਟਰਵਿਊ ਕਾਰਡ ਵੀ ਵਿਖਾਇਆ ਸੀ। ਮੀਡੀਆ ਰਿਪੋਰਟਾਂ ਜ਼ਰੀਏ ਇਸ ਪੂਰੇ ਫਰਜ਼ੀਵਾੜੇ ਦਾ ਇਹ ਮਾਮਲਾ UPSC ਕੋਲ ਪਹੁੰਚ ਗਿਆ ਸੀ। UPSC ਨੇ ਇਸ ਮਾਮਲੇ ਦੀ ਪੂਰੀ ਪਰਤ ਖੋਲ੍ਹਣ ਮਗਰੋਂ ਬਿਆਨ ਜਾਰੀ ਕੀਤਾ। 

ਇਸ ਬਿਆਨ ਵਿਚ ਕਿਹਾ ਗਿਆ ਕਿ ਰੇਵਾੜੀ ਵਾਸੀ ਤੁਸ਼ਾਰ ਨੇ ਸਿਵਲ ਸਰਵਿਸੇਜ਼ ਲਈ ਅਪਲਾਈ ਕੀਤਾ ਸੀ, ਜਿਸ ਨੂੰ 2208860 ਰੋਲ ਨੰਬਰ ਜਾਰੀ ਕੀਤਾ ਗਿਆ ਸੀ। ਤੁਮਾਰ ਨੂੰ ਪੇਪਰ ਵਨ ਵਿਚ ਮਾਈਨਸ 22.89 ਅੰਕ ਮਿਲੇ ਸਨ। ਉੱਥੇ ਹੀ ਪੇਪਰ ਟੂ ਵਿਚ 44.73 ਅੰਕ ਆਏ ਸਨ। UPSC ਨਿਯਮਾਂ ਮੁਤਾਬਕ ਪੇਪਰ ਟੂ 'ਚ ਘੱਟ ਤੋਂ ਘੱਟ 66 ਅੰਕ ਲਿਆਉਣ ਵਾਲੇ ਹੀ ਪਾਸ ਮੰਨੇ ਜਾਂਦੇ ਹਨ। ਅਜਿਹੇ ਵਿਚ ਰੇਵਾੜੀ ਦਾ ਤੁਸ਼ਾਰ ਸ਼ੁਰੂਆਤੀ ਪ੍ਰੀਖਿਆ ਵੀ ਪਾਸ ਨਹੀਂ ਕਰ ਸਕਿਆ ਸੀ। UPSC ਮੁਤਾਬਕ ਬਿਹਾਰ ਦੇ ਭਾਗਲਪੁਰ ਵਾਸੀ ਤੁਸ਼ਾਰ ਨੂੰ 1521306 ਰੋਲ ਨੰਬਰ ਜਾਰੀ ਕੀਤਾ ਗਿਆ ਸੀ, ਜਿਸ ਨੇ 44ਵੀਂ ਰੈਂਕ ਹਾਸਲ ਕੀਤੀ ਹੈ।


Tanu

Content Editor

Related News