ਰਾਜਸਥਾਨ ’ਚ ਹਿਜਾਬ ਨੂੰ ਲੈ ਕੇ ਵਿਧਾਇਕ ਦੇ ਬਿਆਨ ’ਤੇ ਹੰਗਾਮਾ
Tuesday, Jan 30, 2024 - 12:55 PM (IST)
ਜੈਪੁਰ- ਜੈਪੁਰ ਦੇ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਦੀਆਂ ਮੁਸਲਿਮ ਵਿਦਿਆਰਥਣਾਂ ਨੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਬਾਲਮੁਕੁੰਦ ਅਚਾਰੀਆ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਸੋਮਵਾਰ ਸੁਭਾਸ਼ ਚੌਕ ਥਾਣੇ ਦੇ ਸਾਹਮਣੇ ਪ੍ਰਦਰਸ਼ਨ ਕੀਤਾ।
ਵਿਦਿਆਰਥਣਾਂ ਦਾ ਦੋਸ਼ ਹੈ ਕਿ ਵਿਧਾਇਕ ਨੇ ਸਕੂਲ ’ਚ ਇਕ ਪ੍ਰੋਗਰਾਮ ਦੌਰਾਨ ਕੁੜੀਆਂ ਦੇ ਹਿਜਾਬ ਪਹਿਨਣ 'ਤੇ ਇਤਰਾਜ਼ ਕੀਤਾ ਸੀ। ਕਈ ਵਿਦਿਆਰਥਣਾਂ ਨੇ ਸੁਭਾਸ਼ ਚੌਕ ਥਾਣੇ ਦੇ ਬਾਹਰ ਸੜਕ ਜਾਮ ਕਰ ਦਿੱਤੀ ਅਤੇ ਭਾਜਪਾ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਵਿਧਾਇਕ ਤੋਂ ਮੁਆਫ਼ੀ ਮੰਗਣ ਅਤੇ ਉਸ ਖ਼ਿਲਾਫ਼ ਐਫ. ਆਈ .ਆਰ. ਦਰਜ ਕਰਨ ਦੀ ਮੰਗ ਵੀ ਕੀਤੀ।
ਪ੍ਰਦਰਸ਼ਨ ਕਰ ਰਹੀਆਂ ਵਿਦਿਆਰਥਣਾਂ ਨੇ ਕਿਹਾ ਕਿ ਵਿਧਾਇਕ ਸਾਡੇ ਸਕੂਲ ’ਚ ਸਾਲਾਨਾ ਸਮਾਗਮ 'ਚ ਹਿੱਸਾ ਲੈਣ ਆਏ ਸਨ। ਸਾਨੂੰ ਦੱਸਿਆ ਗਿਆ ਕਿ ਹਿਜਾਬ ਦੀ ਇਜਾਜ਼ਤ ਨਹੀਂ ਹੈ। ਵਿਧਾਇਕ ਨੇ ਸਾਨੂੰ ਪੁੱਛਿਆ ਕਿ ਹਿਜਾਬ ਪਹਿਨਣ ਵਾਲੀਆਂ ਕੁੜੀਆਂ ਸਾਹ ਕਿਵੇਂ ਲੈਂਦੀਆਂ ਹਨ?
ਵਿਧਾਨ ਸਭਾ ਹਲਕਾ ਆਦਰਸ਼ ਨਗਰ ਤੋਂ ਕਾਂਗਰਸੀ ਵਿਧਾਇਕ ਰਫੀਕ ਖਾਨ ਨੇ ਇਹ ਮੁੱਦਾ ਹਾਊਸ ’ਚ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਸਪੀਕਰ ਨੇ ਉਨ੍ਹਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ । ਉਨ੍ਹਾਂ ਇਸ ਸਬੰਧੀ ਟਿੱਪਣੀ ਨੂੰ ਵਿਧਾਨ ਸਭਾ ਦੀ ਕਾਰਵਾਈ ਤੋਂ ਹਟਾਉਣ ਲਈ ਕਿਹਾ।ਮੁਸਲਿਮ ਵਿਦਿਆਰਥਣਾਂ ਦੇ ਵਿਰੋਧ ਦੇ ਸਵਾਲ ’ਤੇ ਹਵਾਮਹਲ ਸੀਟ ਤੋਂ ਭਾਜਪਾ ਦੇ ਵਿਧਾਇਕ ਬਾਲਮੁਕੁੰਦ ਅਚਾਰੀਆ ਨੇ ਕਿਹਾ ਕਿ ਮੈਂ ਸਕੂਲ ਦੇ ਪ੍ਰਿੰਸੀਪਲ ਨੂੰ ਪੁੱਛਿਆ ਸੀ ਕਿ ਜਦੋਂ 26 ਜਨਵਰੀ ਨੂੰ ਕੋਈ ਪ੍ਰੋਗਰਾਮ ਹੁੰਦਾ ਹੈ ਜਾਂ ਸਰਕਾਰੀ ਸਕੂਲ ’ਚ ਸਾਲਾਨਾ ਤਿਉਹਾਰ ਹੁੰਦਾ ਹੈ ਤਾਂ ਕੀ ਹਿਜਾਬ ਦੀ ਵਿਵਸਥਾ ਹੈ? ਪ੍ਰਿੰਸੀਪਲ ਨੇ ਕਿਹਾ ਨਹੀਂ। ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਦੋ ਤਰ੍ਹਾਂ ਦੇ ਡਰੈੱਸ ਕੋਡ ਕਿਉਂ? ਮੈਂ ਮਦਰੱਸਿਆਂ ਵਿਚ ਪਹਿਰਾਵਾ ਬਦਲਣ ਲਈ ਨਹੀਂ ਕਿਹਾ, ਉਥੇ ਇਕ ਨਿਯਮ ਹੈ। ਇਹ ਉਸ ਨਿਯਮ ਅਨੁਸਾਰ ਹੋਣਾ ਚਾਹੀਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8