ਬਦਲਾਪੁਰ : ਪੁਲਸ ਦੇ ਲਾਠੀਚਾਰਜ ਤੋਂ ਬਾਅਦ ਮੁੜ ਬਹਾਲ ਹੋਈ ਰੇਲ ਸੇਵਾ, ਸ਼ਹਿਰ ''ਚ ਇੰਟਰਨੈੱਟ ਬੰਦ

Tuesday, Aug 20, 2024 - 09:47 PM (IST)

ਬਦਲਾਪੁਰ : ਪੁਲਸ ਦੇ ਲਾਠੀਚਾਰਜ ਤੋਂ ਬਾਅਦ ਮੁੜ ਬਹਾਲ ਹੋਈ ਰੇਲ ਸੇਵਾ, ਸ਼ਹਿਰ ''ਚ ਇੰਟਰਨੈੱਟ ਬੰਦ

ਨੈਸ਼ਨਲ ਡੈਸਕ- ਮਹਾਰਾਸ਼ਟਰ ਦੇ ਬਦਲਾਪੁਰ 'ਚ ਸਕੂਲੀ ਵਿਦਿਆਰਥਣਾਂ ਨਾਲ ਜਿਨਸੀ ਸ਼ੋਸ਼ਣ ਤੋਂ ਬਾਅਦ ਪੂਰੇ ਸ਼ਹਿਰ 'ਚ ਹੰਗਾਮਾ ਮਚ ਗਿਆ ਹੈ। ਇਸ ਦੇ ਵਿਰੋਧ ਵਿੱਚ ਲੋਕਾਂ ਨੇ ਰੇਲਵੇ ਸਟੇਸ਼ਨ ਦਾ ਘਿਰਾਓ ਵੀ ਕੀਤਾ ਅਤੇ ਰੇਲਵੇ ਟਰੈਕ ਜਾਮ ਕਰ ਦਿੱਤਾ। ਅਜਿਹੇ 'ਚ ਪੁਲਸ ਨੇ ਰੇਲਵੇ ਟਰੈਕ ਨੂੰ ਖਾਲੀ ਕਰਵਾਉਣ ਲਈ ਪ੍ਰਦਰਸ਼ਨਕਾਰੀ ਭੀੜ 'ਤੇ ਲਾਠੀਚਾਰਜ ਕੀਤਾ ਤਾਂ ਜੋ ਰੇਲਵੇ ਟਰੈਕ ਨੂੰ ਖਾਲੀ ਕਰਵਾਇਆ ਜਾ ਸਕੇ। ਸ਼ਹਿਰ ਦੇ ਵਿਗੜਦੇ ਮਾਹੌਲ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਝੂਠੀਆਂ ਅਫਵਾਹਾਂ ਨੂੰ ਫੈਲਣ ਤੋਂ ਰੋਕਣ ਦੇ ਲਈ ਬਦਲਾਪੁਰ 'ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ।

ਪੁਲਸ ਨੇ ਦੱਸਿਆ ਕਿ ਹੁਣ ਰੇਲਵੇ ਟਰੈਕ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਇਸ ਦੀ ਸੂਚਨਾ ਰੇਲਵੇ ਨੂੰ ਦੇ ਦਿੱਤੀ ਗਈ ਹੈ ਯਾਨੀ ਹੁਣ ਇਸ ਰੂਟ 'ਤੇ ਰੇਲ ਨੈੱਟਵਰਕ ਸੁਚਾਰੂ ਢੰਗ ਨਾਲ ਚੱਲ ਸਕੇਗਾ।

ਕੀ ਹੈ ਮਾਮਲਾ

ਠਾਣੇ ਦੇ ਬਦਲਾਪੁਰ ਸਥਿਤ ਆਦਰਸ਼ ਵਿਦਿਆਲਿਆ ਦੇ ਬਾਲ ਸੈਕਸ਼ਨ 'ਚ ਪੜ੍ਹਦੀਆਂ ਦੋ ਲੜਕੀਆਂ ਨਾਲ ਸਫਾਈ ਕਰਮਚਾਰੀ ਨੇ ਛੇੜਛਾੜ ਕੀਤੀ। ਇਸ ਘਟਨਾ ਤੋਂ ਨਾਰਾਜ਼ ਲੋਕ ਮੰਗਲਵਾਰ ਨੂੰ ਸਕੂਲ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਸਨ। ਜਲਦੀ ਹੀ ਰੋਸ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਦੀ ਗਿਣਤੀ ਵਧ ਗਈ ਅਤੇ ਪੂਰੇ ਸ਼ਹਿਰ ਵਿੱਚ ਬੈਨਰ ਅਤੇ ਪੋਸਟਰ ਲੈ ਕੇ ਲੋਕਾਂ ਦੀ ਭੀੜ ਨੇ ਰੇਲਵੇ ਸਟੇਸ਼ਨ ਦਾ ਘਿਰਾਓ ਕਰਨਾ ਸ਼ੁਰੂ ਕਰ ਦਿੱਤਾ।

ਪੁਲਸ ਵੱਲੋਂ ਇਸ ਮਾਮਲੇ ਸਬੰਧੀ ਦਰਜ ਕੀਤੀ ਗਈ ਐੱਫ.ਆਈ.ਆਰ. ਅਨੁਸਾਰ ਇਹ ਘਟਨਾ 13 ਅਗਸਤ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਦਰਮਿਆਨ ਵਾਪਰੀ। ਇਸ ਤੋਂ ਬਾਅਦ 16 ਅਗਸਤ ਨੂੰ ਲੜਕੀਆਂ ਨੇ ਸਕੂਲ ਜਾਣ ਤੋਂ ਇਨਕਾਰ ਕਰ ਦਿੱਤਾ। ਉਹ ਬਹੁਤ ਡਰੀਆਂ ਹੋਈਆਂ ਹਨ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪੁੱਛਗਿੱਛ ਕੀਤੀ ਤਾਂ ਲੜਕੀਆਂ ਨੇ ਜੋ ਕੁਝ ਦੱਸਿਆ, ਉਸ ਨਾਲ ਪਰਿਵਾਰਕ ਮੈਂਬਰਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ।

ਪਰਿਵਾਰ ਨੇ ਇਸ ਬਾਰੇ 16 ਅਗਸਤ ਨੂੰ ਪੁਲਸ ਨੂੰ ਸੂਚਿਤ ਕੀਤਾ ਅਤੇ 12 ਘੰਟੇ ਦੀ ਦੇਰੀ ਤੋਂ ਬਾਅਦ ਰਾਤ ਕਰੀਬ 9 ਵਜੇ ਪੁਲਿਸ ਨੇ ਐੱਫ.ਆਈ.ਆਰ. ਲਿਖੀ। ਐੱਫ.ਆਈ.ਆਰ. ਦੇ ਅਨੁਸਾਰ, ਸ਼ਿਕਾਇਤਕਰਤਾ ਨੂੰ ਇੱਕ ਹੋਰ ਬੱਚੇ ਦੇ ਮਾਤਾ-ਪਿਤਾ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਬੱਚੇ ਦਾ ਜਿਨਸੀ ਸ਼ੋਸ਼ਣ ਹੋਇਆ ਹੈ ਅਤੇ ਉਹ ਇਸ ਬਾਰੇ ਸ਼ਿਕਾਇਤ ਕਰਨ ਜਾ ਰਹੇ ਹਨ। ਜਿਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਆਪਣੀ ਧੀ ਦਾ ਮੈਡੀਕਲ ਟੈਸਟ ਕਰਵਾਇਆ ਅਤੇ ਜਾਂਚ 'ਚ ਪਤਾ ਲੱਗਾ ਕਿ ਉਸ ਦਾ ਜਬਰ ਜ਼ਨਾਹ ਕੀਤਾ ਗਿਆ ਹੈ।


author

Rakesh

Content Editor

Related News