5 ਸਾਲ ਦਾ ਬੱਚਾ ਅਗਵਾ, ਬਦਮਾਸ਼ ਫੋਨ ਕਰ ਬੋਲੇ- ''ਬੱਚਾ ਸਲਾਮਤ ਚਾਹੀਦੈ ਤਾਂ 30 ਲੱਖ ਰੁਪਏ ਦਿਓ''

8/8/2020 4:52:00 PM

ਮੁਰਾਦਾਬਾਦ — ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ 'ਚ ਮਝੋਲਾ ਥਾਣਾ ਖੇਤਰ ਦੇ ਇਕ 5 ਸਾਲਾ ਬੱਚੇ ਨੂੰ ਦਿਨ-ਦਿਹਾੜੇ ਅਗਵਾ ਕਰ ਕੇ ਬਦਮਾਸ਼ਾਂ ਨੇ 30 ਲੱਖ ਰੁਪਏ ਦੀ ਫਿਰੌਤੀ ਮੰਗੀ। ਪੀੜਤ ਪਰਿਵਾਰ ਨੇ ਦੱਸਿਆ ਕਿ ਬੱਚੇ ਦੇ ਗਾਇਬ ਹੋਣ ਦੇ ਕਰੀਬ ਢਾਈ ਘੰਟੇ ਬਾਅਦ ਪਿਤਾ ਨੂੰ ਫੋਨ ਕਾਲ ਆਈ, ਉਦੋਂ ਉਸ ਦੇ ਅਗਵਾ ਹੋਣ ਦਾ ਪਤਾ ਲੱਗਿਆ। ਥਾਣਾ ਮਝੌਲਾ ਦੇ ਲਾਈਨਪਾਰ ਰਾਮ ਲੀਲਾ ਗਰਾਊਂਡ ਦੇ ਨੇੜੇ ਦੇ ਵਸਨੀਕ ਗੌਰਵ ਪ੍ਰਾਈਵੇਟ ਫਾਈਨੈਂਸ ਕੰਪਨੀ 'ਚ ਕਲੈਕਸ਼ਨ ਏਜੰਟ ਹਨ। ਪੀੜਤ ਪਰਿਵਾਰ ਵਿਚ ਪਤਨੀ ਸ਼ਿਖਾ, ਬੇਟੀ ਸਾਦਗੀ (8) ਅਤੇ ਬੇਟਾ ਧਰੁਵ (5) ਹੈ। 

ਦੱਸਿਆ ਗਿਆ ਕਿ ਸ਼ੁੱਕਰਵਾਰ ਦੁਪਹਿਰ ਡੇਢ ਤੋਂ 2 ਵਜੇ ਦੇ ਕਰੀਬ ਦਰਮਿਆਨ ਬੱਚਾ ਘਰ ਦੇ ਸਾਹਮਣੇ ਹੀ ਸਥਿਤ ਦੁਕਾਨ 'ਤੇ ਗਿਆ ਸੀ। ਉੱਥੋਂ ਘਰੋਂ ਪਰਤਣ ਮਗਰੋਂ ਗਾਇਬ ਹੋ ਗਿਆ। ਜਦੋਂ ਕੁਝ ਦੇਰ ਤੱਕ ਧਰੂਵ ਨਹੀਂ ਨਜ਼ਰ ਆਇਆ ਤਾਂ ਮਾਂ ਅਤੇ ਦਾਦੀ ਨੇ ਉਸ ਦੀ ਭਾਲ ਸ਼ੁਰੂ ਕੀਤੀ। ਫੋਨ ਕਾਲ ਕਰ ਕੇ ਸ਼ਿਖਾ ਨੇ ਪਤੀ ਗੌਰਵ ਨੂੰ ਪੁੱਤਰ ਧਰੂਵ ਦੇ ਗਾਇਬ ਹੋਣ ਬਾਰੇ ਦੱਸਿਆ। ਦਾਦੀ ਸੁਧਾ ਅਤੇ ਮਾਂ ਸ਼ਿਖਾ ਦੀ ਮੰਨੀਏ ਤਾਂ ਦੁਪਹਿਰ ਕਰੀਬ ਸਾਢੇ 4 ਵਜੇ ਪਿਤਾ ਗੌਰਵ ਦੇ ਮੋਬਾਇਲ 'ਤੇ ਇਕ ਅਣਜਾਣ ਨੰਬਰ ਤੋਂ ਫੋਨ ਕਾਲ ਆਈ। ਕਾਲ ਕਰਨ ਵਾਲੇ ਨੇ ਗੌਰਵ ਨੂੰ ਕਿਹਾ ਕਿ ਤੁਹਾਡਾ ਬੱਚਾ ਮੇਰੇ ਕਬਜ਼ੇ ਵਿਚ ਹੈ। ਉਸ ਦੀ ਸਲਾਮਤੀ ਚਾਹੁੰਦੇ ਹੋ ਤਾਂ 30 ਲੱਖ ਰੁਪਏ ਦਿਓ। 

ਪਿਤਾ ਗੌਰਵ ਨੇ ਤੁਰੰਤ ਘਟਨਾ ਦੀ ਜਾਣਕਾਰੀ ਲਾਈਨਪਾਰ ਚੌਕੀ ਪੁਲਸ ਨੂੰ ਦਿੱਤੀ। ਜਿਸ ਤੋਂ ਬਾਅਦ ਪੁਲਸ ਦੇ ਉੱਚ ਅਧਿਕਾਰੀਆਂ ਤੱਕ ਅਗਵਾ ਦੀ ਖ਼ਬਰ ਪਹੁੰਚ ਗਈ। ਬੱਚਾ ਅਗਵਾ ਹੋਣ ਦੀ ਖ਼ਬਰ ਨਾਲ ਪੁਲਸ ਮਹਿਕਮੇ 'ਚ ਭਾਜੜਾਂ ਪੈ ਗਈਆਂ। ਆਈ. ਜੀ. ਰਮਿਤ ਸ਼ਰਮਾ, ਐੱਸ. ਐੱਸ. ਪੀ. ਪ੍ਰਭਾਕਰ ਚੌਧਰੀ ਨੇ ਘਟਨਾ ਦੀ ਪੂਰੀ ਜਾਣਕਾਰੀ ਲਈ। ਐੱਸ. ਪੀ. ਸਿਟੀ ਅਮਿਤ ਕੁਮਾਰ ਆਨੰਦ ਸਮੇਤ ਪੁਲਸ ਦੀਆਂ ਅੱਧਾ ਦਰਜਨ ਟੀਮਾਂ ਬੱਚੇ ਦੀ ਭਾਲ ਵਿਚ ਜੁੱਟ ਗਈਆਂ। ਹਾਲਾਂਕਿ ਦੇਰ ਰਾਤ ਤੱਕ ਬੱਚੇ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ। ਪੁਲਸ ਬੱਚੇ ਦੀ ਭਾਲ ਵਿਚ ਜੁੱਟੀ ਹੋਈ ਹੈ। ਪੁਲਸ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਫੁਟੇਜ਼ ਖੰਗਾਲ ਰਹੀ ਹੈ।


Tanu

Content Editor Tanu