ਆਈਸੋਲੇਸ਼ਨ ਵਾਰਡ 'ਚ ਕੋਰੋਨਾ ਪੀੜਤਾਂ ਵੱਲੋਂ ਮੋਬਾਇਲ ਦੀ ਵਰਤੋਂ 'ਤੇ UP ਸਰਕਾਰ ਦਾ ਨਵਾਂ ਆਦੇਸ਼

Sunday, May 24, 2020 - 11:26 AM (IST)

ਆਈਸੋਲੇਸ਼ਨ ਵਾਰਡ 'ਚ ਕੋਰੋਨਾ ਪੀੜਤਾਂ ਵੱਲੋਂ ਮੋਬਾਇਲ ਦੀ ਵਰਤੋਂ 'ਤੇ UP ਸਰਕਾਰ ਦਾ ਨਵਾਂ ਆਦੇਸ਼

ਲਖਨਊ-ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਦੇ ਮੋਬਾਇਲ ਰੱਖਣ ਨੂੰ ਲੈ ਕੇ ਨਵਾਂ ਫਰਮਾਨ ਜਾਰੀ ਕੀਤਾ ਹੈ। ਸਿਹਤ ਵਿਭਾਗ ਵੱਲੋਂ ਜਾਰੀ ਆਦੇਸ਼ ਮੁਤਾਬਕ ਹੁਣ ਕੋਰੋਨਾ ਵਾਇਰਸ ਦੇ ਐੱਲ-2 ਅਤੇ ਐੱਲ-3 ਹਸਪਤਾਲਾਂ 'ਚ ਭਰਤੀ ਪੀੜਤ ਮਰੀਜ਼ ਮੋਬਾਇਲ ਫੋਨ ਦੀ ਵਰਤੋਂ ਨਹੀਂ ਕਰ ਸਕਣਗੇ। ਉੱਤਰ ਪ੍ਰਦੇਸ਼ ਸਰਕਾਰ ਨੇ ਇਸ 'ਤੇ ਰੋਕ ਲਾ ਦਿੱਤੀ ਹੈ। ਮੈਡੀਕਲ ਸਿੱਖਿਆ ਦੇ ਡਾਇਰੈਕਟਰ ਜਨਰਲ ਡਾਕਟਰ ਕੇ.ਕੇ. ਗੁਪਤਾ ਵੱਲੋਂ ਇਸ ਸਬੰਧ 'ਚ ਆਦੇਸ਼ ਸਾਰੇ ਮੈਡੀਕਲ ਕਾਲਜਾਂ, ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਭੇਜ ਦਿੱਤਾ ਗਿਆ ਹੈ। ਆਦੇਸ਼ 'ਚ ਕਿਹਾ ਗਿਆ ਹੈ ਕਿ ਮੋਬਾਇਲ ਫੋਨ ਵਰਤੋਂ ਕਰਨ ਨਾਲ ਵਾਇਰਸ ਫੈਲਦਾ ਹੈ। 

PunjabKesari

ਇਸ ਤੋਂ ਇਲਾਵਾ ਕੋਰੋਨਾ ਵਾਰਡ 'ਚ ਨਵੀਂ ਵਿਵਸਥਾ ਤਹਿਤ ਹਸਪਤਾਲ ਦੇ ਵਾਰਡ ਇੰਚਾਰਜ ਦੇ ਕੋਲ 2 ਮੋਬਾਇਲ ਫੋਨ ਹੋਣਗੇ, ਜਿਸ ਦੁਆਰਾ ਵਾਰਡ ਇੰਚਾਰਜ ਮਰੀਜਾਂ ਦੀ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਵਾਉਣਗੇ। ਦੋਵੇ ਮੋਬਾਇਲ ਫੋਨ 24 ਘੰਟੇ ਵਾਰਡ 'ਚ ਉਪਲੱਬਧ ਰਹਿਣਗੇ। 

ਡੀ.ਜੀ.ਐੱਮ.ਈ. ਡਾਕਟਰ ਕੇ.ਕੇ ਗੁਪਤਾ ਨੇ ਕਿਹਾ ਹੈ ਕਿ ਐੱਲ-2 ਅਤੇ ਐੱਲ-3 ਦੇ ਆਈਸੋਲੇਸ਼ਨ ਵਾਰਡ 'ਚ ਗੰਭੀਰ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ। ਇਹ ਤੱਥ ਸਾਹਮਣੇ ਆਇਆ ਹੈ ਕਿ ਮੋਬਾਇਲ ਫੋਨ ਨਾਲ ਕੋਰੋਨਾਵਾਇਰਸ ਫੈਲਦਾ ਹੈ, ਇਸ ਲਈ ਹੁਣ ਵਾਰਡ 'ਚ ਮੋਬਾਇਲ ਫੋਨ ਦੀ ਵਰਤੋਂ 'ਤੇ ਰੋਕ ਲਾਈ ਗਈ ਹੈ।

ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ 'ਚ ਹੁਣ ਤੱਕ ਕੋਰੋਨਾਵਾਇਰਸ ਦੇ 5735 ਮਾਮਲੇ ਸਾਹਮਣੇ ਆ ਚੁੱਕੇ ਹਨ। ਇੱਥੇ 152 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦੇਸ਼ ਭਰ 'ਚ ਲਗਾਤਾਰ ਅੱਜ ਵੀ ਕੋਰੋਨਾ ਦੇ 6654 ਮਾਮਲਿਆਂ ਦੀ ਪੁਸ਼ਟੀ ਹੋਈ ਅਤੇ ਹੁਣ ਤੱਕ ਪੀੜਤਾਂ ਦੀ ਗਿਣਤੀ 1,31,868 ਤੱਕ ਪਹੁੰਚ ਚੁੱਕੀ ਹੈ ਜਦਕਿ 3867 ਮੌਤਾਂ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ 54440 ਲੋਕ ਠੀਕ ਵੀ ਹੋ ਚੁੱਕੇ ਹਨ ਅਤੇ ਦੇਸ਼ ਭਰ 'ਚ 73560 ਮਾਮਲੇ ਸਰਗਰਮ ਹਨ।


author

Iqbalkaur

Content Editor

Related News