ਵਿਆਹ ਦੌਰਾਨ ਪੈ ਗਿਆ ਚੀਕ-ਚਿਹਾੜਾ, ਖੁਸ਼ੀ ’ਚ ਕੀਤੀ ਫਾਇਰਿੰਗ ਕਾਰਨ ਬੱਚੀ ਦੀ ਮੌਤ
Saturday, May 22, 2021 - 05:15 PM (IST)

ਬਹਿਰਾਈਚ (ਭਾਸ਼ਾ)— ਵਿਆਹ ਸਮਾਰੋਹਾਂ ਵਿਚ ਖੁਸ਼ੀ ਵਿਚ ਫਾਇਰਿੰਗ ’ਤੇ ਰੋਕ ਹੈ, ਬਾਵਜੂਦ ਇਸ ਦੇ ਰਾਮਗਾਂਵ ਅਧੀਨ ਪੈਂਦੇ ਧਰਮਨਪੁਰਵਾ ਪਿੰਡ ’ਚ ਵਿਆਹ ਸਮਾਰੋਹ ਦੌਰਾਨ ਖੁਸ਼ੀ ’ਚ ਫਾਇਰਿੰਗ ਕਾਰਨ 10 ਸਾਲ ਦੀ ਬੱਚੀ ਦੀ ਮੌਤ ਹੋ ਗਈ। ਵਧੀਕ ਐੱਸ. ਪੀ. ਅਸ਼ੋਕ ਕੁਮਾਰ ਨੇ ਸ਼ਨੀਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਰਾਤ ਧਰਮਨਪੁਰਾ ਵਾਸੀ ਪਿ੍ਰਥਵੀਰਾਜ ਦੇ ਘਰ ਹਰਦੀ ਥਾਣੇ ਅਧੀਨ ਪੈਂਦੇ ਸਿਪਹੀਆ ਪਿਊਲੀ ਪਿੰਡ ਤੋਂ ਲਾੜੇ ਆਸ਼ੀਸ਼ ਦੀ ਬਾਰਾਤ ਆਈ ਸੀ। ਸ਼ੁੱਕਰਵਾਰ ਰਾਤ ਦੇ ਸਮੇਂ ਆਤਿਸ਼ਬਾਜੀ ਦੇ ਰੌਲੇ-ਰੱਪੇ ਦੌਰਾਨ ਮਹਿਮਾਨਾਂ ਵਿਚੋਂ ਕਿਸੇ ਵਿਅਕਤੀ ਨੇ ਫਾਇਰਿੰਗ ਕਰ ਦਿੱਤੀ। ਇਸ ਨਾਲ ਲਾੜੇ ਦੀ ਚਚੇਰੀ ਭੈਣ ਕਾਜਲ (10) ਗੋਲੀ ਲੱਗਣ ਕਾਰਨ ਬੁਰੀ ਤਰ੍ਹਾਂ ਜ਼ਖਮੀ ਹੋ ਗਈ।
ਵੇਖਦੇ ਹੀ ਵੇਖਦੇ ਵਿਆਹ ਵਾਲਾ ਮਾਹੌਲ ਮਾਤਮ ’ਚ ਬਦਲ ਗਿਆ। ਦੱਸਿਆ ਜਾ ਰਿਹਾ ਹੈ ਕਿ ਲਾੜਾ-ਲਾੜੀ ਨੂੰ ਜੈਮਾਲਾ ਪਾਉਣ ਦੌਰਾਨ ਫਾਇਰਿੰਗ ਸ਼ੁਰੂ ਕਰ ਦਿੱਤੀ। ਫਾਇਰਿੰਗ ਦੌਰਾਨ ਉੱਥੇ ਮੌਜੂਦ ਕਾਜਲ ਦੇ ਸਿਰ ’ਚ ਗੋਲੀ ਲੱਗੀ। ਮੌਕੇ ’ਤੇ ਚੀਕ-ਚਿਹਾੜਾ ਪੈ ਗਿਆ। ਹਫੜਾ-ਦਫੜੀ ਵਿਚ ਪਰਿਵਾਰ ਵਾਲੇ ਬੱਚੀ ਨੂੰ ਮੈਡੀਕਲ ਕਾਲਜ ਬਹਿਰਾਈਚ ਲਈ ਰਵਾਨਾ ਹੋਏ ਪਰ ਕੁਝ ਦੂਰ ਜਾਣ ਮਗਰੋਂ ਬੱਚੀ ਨੇ ਦਮ ਤੋੜ ਦਿੱਤਾ।
ਪੁਲਸ ਮੁਤਾਬਕ ਮਿ੍ਰਤਕਾ ਦੇ ਪਿਤਾ ਦੀ ਸ਼ਿਕਾਇਤ ’ਤੇ ਰਾਮਗਾਂਵ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਕੁਮਾਰ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।