ਹਸਪਤਾਲ ਦੇ ਬਿੱਲ ਦੀ ਨਹੀਂ ਕੀਤੀ ਅਦਾਇਗੀ, ਡਾਕਟਰ ਨੇ ਬੱਚੇ ਨੂੰ ਰੱਖਿਆ ਗਹਿਣੇ
Sunday, Jan 12, 2020 - 01:31 AM (IST)

ਭੋਪਾਲ— ਇਕ ਜੋੜੇ ਨੇ ਇਕ ਡਾਕਟਰ 'ਤੇ ਦੋਸ਼ ਲਾਇਆ ਕਿ ਉਸ ਨੇ ਉਨ੍ਹਾਂ ਦੇ ਬੱਚੇ ਨੂੰ ਹਸਪਤਾਲ 'ਚ ਗਹਿਣੇ ਰੱਖ ਲਿਆ ਹੈ ਕਿਉਂਕਿ ਉਹ ਹਸਪਤਾਲ ਦਾ 40,000 ਰੁਪਏ ਦਾ ਬਿੱਲ ਅਦਾ ਨਹੀਂ ਕਰ ਸਕੇ।
ਇਹ ਘਟਨਾ ਇਥੋਂ ਦੇ ਊਸ਼ਾ ਨਰਸਿੰਗ ਹੋਮ ਦੀ ਦੱਸੀ ਜਾਂਦੀ ਹੈ। ਇਕ ਮਾਂ ਨੇ ਦੱਸਿਆ ਕਿ ਉਸ ਨੇ ਸਤੰਬਰ ਦੇ ਮਹੀਨੇ ਇਕ ਲੜਕੇ ਨੂੰ ਜਨਮ ਦਿੱਤਾ ਸੀ ਅਤੇ ਡਲਿਵਰੀ ਤੋਂ ਬਾਅਦ ਹਸਪਤਾਲ ਨੇ 40,000 ਰੁਪਏ ਦਾ ਬਿੱਲ ਬਣਾ ਦਿੱਤਾ। ਪੈਸੇ ਦੀ ਕਮੀ ਕਾਰਣ ਉਹ ਬਿੱਲ ਦੀ ਪੂਰੀ ਅਦਾਇਗੀ ਕਰਨ ਤੋਂ ਅਸਮਰੱਥ ਸੀ। ਡਾਕਟਰ ਨੇ ਉਨ੍ਹਾਂ ਨੂੰ ਕਿਹਾ ਕਿ ਜਦੋਂ ਤੱਕ ਹਸਪਤਾਲ ਦੇ ਬਿੱਲ ਦੀ ਅਦਾਇਗੀ ਨਹੀਂ ਹੁੰਦੀ, ਉਦੋਂ ਤੱਕ ਬੱਚੇ ਨੂੰ ਹਸਪਤਾਲ 'ਚ ਹੀ 'ਗਹਿਣੇ' ਰੱਖਿਆ ਜਾਵੇਗਾ।
ਬੱਚੇ ਦੇ ਪਿਤਾ ਮੋਹਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਤੁਰੰਤ 30,000 ਰੁਪਏ ਦੀ ਅਦਾਇਗੀ ਕਰ ਦਿੱਤੀ ਤੇ ਡਾਕਟਰ ਤੱਕ ਪਹੁੰਚ ਕੀਤੀ ਪਰ ਡਾਕਟਰ ਨੇ ਉਨ੍ਹਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਤੇ ਬੱਚਾ ਵਾਪਸ ਨਹੀਂ ਦਿੱਤਾ।
ਐਡੀਸ਼ਨਲ ਸੁਪਰਡੈਂਟ ਪੁਲਸ ਅਨਿਲ ਕੁਮਾਰ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਡਾਕਟਰ ਵੱਲੋਂ ਦੱਸਿਆ ਗਿਆ ਕਿ ਜੋੜੇ ਨੇ ਆਪਣਾ ਬੱਚਾ ਮੁਜ਼ੱਫਰਨਗਰ 'ਚ ਵੇਚ ਦਿੱਤਾ ਸੀ ਪਰ ਇਸ ਬਾਰੇ ਇਨਕਾਰ ਕਰ ਰਿਹਾ ਸੀ, ਜੇਕਰ ਉਸ ਜੋੜੇ ਨੇ ਬੱਚਾ ਵੇਚ ਦਿੱਤਾ ਹੈ ਤਾਂ ਉਨ੍ਹਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।