ਓਨਾਵ ਰੇਪ ਕੇਸ : ਪੀੜਤਾ ਦੇ ਬਿਆਨ ਦਰਜ ਕਰਨ ਲਈ ਏਮਜ਼ ਪਹੁੰਚੇ ਜੱਜ

Wednesday, Sep 11, 2019 - 12:34 PM (IST)

ਓਨਾਵ ਰੇਪ ਕੇਸ : ਪੀੜਤਾ ਦੇ ਬਿਆਨ ਦਰਜ ਕਰਨ ਲਈ ਏਮਜ਼ ਪਹੁੰਚੇ ਜੱਜ

ਨਵੀਂ ਦਿੱਲੀ— ਓਨਾਵ ਰੇਪ ਪੀੜਤਾ ਦੇ ਬਿਆਨ ਦਰਜ ਕਰਨ ਲਈ ਦਿੱਲੀ ਸਥਿਤ ਏਮਜ਼ ਦੇ ਟਰਾਮਾ ਸੈਂਟਰ 'ਚ ਅਸਥਾਈ ਕੋਰਟ ਬਣਾਇਆ ਗਿਆ ਹੈ। ਪੀੜਤਾ ਦਾ ਬਿਆਨ ਲੈਣ ਲਈ ਟ੍ਰਾਇਲ ਕੋਰਟ ਦੇ ਜੱਜ ਧਰਮੇਸ਼ ਸ਼ਰਮਾ ਏਮਜ਼ ਟਰਾਮਾ ਸੈਂਟਰ ਪਹੁੰਚੇ ਹਨ। ਇਸ ਤੋਂ ਇਲਾਵਾ ਪੀੜਤਾ ਨਾਲ ਰੇਪ ਦੇ ਦੋਸ਼ੀ ਵਿਧਾਇਕ ਕੁਲਦੀਪ ਸਿੰਘ ਸੇਂਗਰ ਅਤੇ ਉਨ੍ਹਾਂ ਦੇ ਸਹਿਯੋਗੀ ਸ਼ਸ਼ੀ ਸਿੰਘ ਨੂੰ ਵੀ ਏਮਜ਼ ਦੇ ਟਰਾਮਾ ਸੈਂਟਰ ਲਿਆਂਦਾ ਗਿਆ ਹੈ। ਪਿਛਲੇ ਦਿਨੀਂ ਪਰਿਵਾਰ ਨਾਲ ਰਾਏਬਰੇਲੀ ਜਾ ਰਹੀ ਪੀੜਤਾ ਦੀ ਕਾਰ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ ਸੀ, ਜਿਸ 'ਚ ਉਸ ਦੇ 2 ਰਿਸ਼ਤੇਦਾਰਾਂ ਦੀ ਮੌਤ ਹੋ ਗਈ ਸੀ। ਸੜਕ ਹਾਦਸੇ ਦੇ ਇਸੇ ਮਾਮਲੇ 'ਚ ਜੱਜ ਬਿਆਨ ਲੈਣ ਲਈ ਟਰਾਮਾ ਸੈਂਟਰ 'ਚ ਬਣੇ ਅਸਥਾਈ ਕੋਰਟ 'ਚ ਪਹੁੰਚੇ ਸਨ। 28 ਜੁਲਾਈ ਨੂੰ ਹੋਏ ਹਾਦਸੇ 'ਚ ਜ਼ਖਮੀ ਪੀੜਤਾ ਏਮਜ਼ ਦੇ ਟਰਾਮਾ ਸੈਂਟਰ 'ਚ ਹੀ ਭਰਤੀ ਹੈ ਅਤੇ ਹਾਲੇ ਹਾਲਤ ਠੀਕ ਨਹੀਂ ਹੈ।

ਜ਼ਿਕਰਯੋਗ ਹੈ ਕਿ ਪੀੜਤਾ ਦੇ ਪਰਿਵਾਰ ਵਾਲਿਆਂ ਨੇ ਇਸ ਮਾਮਲੇ ਦੀ ਸੁਣਵਾਈ ਨੂੰ ਯੂ.ਪੀ. ਦੀ ਬਜਾਏ ਦਿੱਲੀ ਦੀ ਅਦਾਲਤ 'ਚ ਟਰਾਂਸਫਰ ਕੀਤੇ ਜਾਣ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਇਸ ਮਾਮਲੇ ਦੀ ਸੁਣਵਾਈ ਦਿੱਲੀ ਹਾਈ ਕੋਰਟ 'ਚ ਹੋਈ ਸੀ। ਹਾਈ ਕੋਰਟ ਨੇ ਪੀੜਤਾ ਦੇ ਬਿਆਨ ਦਰਜ ਕਰਨ ਲਈ ਏਮਜ਼ ਦੇ ਟਰਾਮਾ ਸੈਂਟਰ 'ਚ ਹੀ ਅਸਥਾਈ ਕੋਰਟ ਬਣਾਉਣ ਦਾ ਆਦੇਸ਼ ਦਿੱਤਾ ਸੀ।

ਦੱਸਣਯੋਗ ਹੈ ਕਿ ਓਨਾਵ ਦੀ ਬਾਂਗਰਮਊ ਸੀਟ ਤੋਂ ਵਿਧਾਇਕ ਕੁਲਦੀਪ ਸਿੰਘ ਸੇਂਗਰ 'ਤੇ ਪੀੜਤਾ ਨਾਲ ਰੇਪ ਦਾ ਦੋਸ਼ ਹੈ। ਇਸ ਮਾਮਲੇ 'ਚ ਉਹ ਜੇਲ 'ਚ ਬੰਦ ਹਨ। ਪੀੜਤਾ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਵਿਧਾਇਕ ਦੀ ਸਾਜਿਸ਼ 'ਤੇ ਹੀ ਕਾਰ ਨੂੰ ਟੱਕਰ ਮਾਰੀ ਗਈ ਸੀ ਤਾਂ ਕਿ ਉਸ ਦੇ ਜੀਵਨ ਨੂੰ ਹੀ ਖਤਮ ਕੀਤਾ ਜਾ ਸਕੇ।


author

DIsha

Content Editor

Related News