ਕੁਲਦੀਪ ਸੇਂਗਰ ਨੂੰ 'ਸੁਪਰੀਮ' ਝਟਕਾ ! SC ਨੇ ਓਨਾਵ ਰੇਪ ਕੇਸ ਮਾਮਲੇ 'ਚ ਜ਼ਮਾਨਤ 'ਤੇ ਲਾਈ ਰੋਕ

Monday, Dec 29, 2025 - 01:06 PM (IST)

ਕੁਲਦੀਪ ਸੇਂਗਰ ਨੂੰ 'ਸੁਪਰੀਮ' ਝਟਕਾ ! SC ਨੇ ਓਨਾਵ ਰੇਪ ਕੇਸ ਮਾਮਲੇ 'ਚ ਜ਼ਮਾਨਤ 'ਤੇ ਲਾਈ ਰੋਕ

ਨੈਸ਼ਨਲ ਡੈਸਕ- ਓਨਾਵ ਰੇਪ ਕੇਸ 'ਚ ਦੋਸ਼ੀ ਸਾਬਕਾ ਭਾਜਪਾ ਵਿਧਾਇਕ ਕੁਲਦੀਪ ਸੇਂਗਰ ਦੀ ਸਜ਼ਾ ਮੁਅੱਤਲ ਕਰਨ ਦੇ ਫੈਸਲੇ 'ਤੇ ਅੱਜ ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਹੈ। ਕੋਰਟ ਨੇ ਸੇਂਗਰ ਨੂੰ ਨੋਟਿਸ ਜਾਰੀ ਕਰਦੇ ਹੋਏ ਜਵਾਬ ਮੰਗਿਆ। ਮਾਮਲੇ 'ਚ 4 ਹਫ਼ਤਿਆਂ ਬਾਅਦ ਸੁਣਵਾਈ ਹੋਵੇਗੀ। ਸੇਂਗਰ ਨੂੰ ਦਿੱਲੀ ਹਾਈ ਕੋਰਟ ਨੇ 23 ਦਸੰਬਰ ਨੂੰ ਜ਼ਮਾਨਤ ਦਿੱਤੀ ਸੀ। ਚੀਫ਼ ਜਸਟਿਸ ਸੂਰਿਆ ਕਾਂਤ, ਜਸਟਿਸ ਜੇਕੇ ਮਾਹੇਸ਼ਵਰੀ ਅਤੇ ਜਸਟਿਸ ਅਗਸਤਿਨ ਜਾਰਜ ਮਸੀਹ ਦੀ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਕੀਤੀ ਹੈ।

ਸਾਲਿਸਿਟਰ ਜਨਰਲ ਦੀਆਂ ਤਿੱਖੀਆਂ ਦਲੀਲਾਂ 

ਅਦਾਲਤ 'ਚ ਸੁਣਵਾਈ ਦੌਰਾਨ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਸੇਂਗਰ ਦੀ ਜ਼ਮਾਨਤ ਦਾ ਸਖ਼ਤ ਵਿਰੋਧ ਕਰਦਿਆਂ ਇਸ ਨੂੰ ਇਕ "ਭਿਆਨਕ ਮਾਮਲਾ" ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ ਸੇਂਗਰ 'ਤੇ ਧਾਰਾ 376 ਅਤੇ ਪੋਕਸੋ (POCSO) ਐਕਟ ਤਹਿਤ ਦੋਸ਼ ਤੈਅ ਕੀਤੇ ਗਏ ਸਨ। ਮਹਿਤਾ ਨੇ ਅਦਾਲਤ ਨੂੰ ਜਾਣਕਾਰੀ ਦਿੱਤੀ ਕਿ ਕਾਨੂੰਨ 'ਚ ਸੋਧ ਤੋਂ ਬਾਅਦ ਅਜਿਹੇ ਗੰਭੀਰ ਮਾਮਲਿਆਂ 'ਚ ਘੱਟੋ-ਘੱਟ ਸਜ਼ਾ 20 ਸਾਲ ਦੀ ਕੈਦ ਹੈ, ਜੋ ਉਮਰ ਕੈਦ ਤੱਕ ਵਧਾਈ ਜਾ ਸਕਦੀ ਹੈ। ਚੀਫ਼ ਜਸਟਿਸ ਨੇ ਫਿਲਹਾਲ ਹਾਈ ਕੋਰਟ ਦੇ ਹੁਕਮਾਂ 'ਤੇ ਰੋਕ ਲਗਾਉਣ ਦਾ ਪੱਖ ਲਿਆ ਹੈ।

ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ 

ਜ਼ਿਕਰਯੋਗ ਹੈ ਕਿ 23 ਦਸੰਬਰ ਨੂੰ ਦਿੱਲੀ ਹਾਈ ਕੋਰਟ ਨੇ ਕੁਲਦੀਪ ਸੇਂਗਰ ਦੀ ਉਮਰ ਕੈਦ ਦੀ ਸਜ਼ਾ ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਉਸ ਨੂੰ ਇਸ ਸ਼ਰਤ 'ਤੇ ਜ਼ਮਾਨਤ ਦਿੱਤੀ ਸੀ ਕਿ ਉਹ ਪੀੜਤਾ ਤੋਂ 5 ਕਿਲੋਮੀਟਰ ਦੂਰ ਰਹੇਗਾ। ਸੀਬੀਆਈ (CBI) ਨੇ ਤਿੰਨ ਦਿਨ ਪਹਿਲਾਂ ਹਾਈ ਕੋਰਟ ਦੇ ਇਸ ਫੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਸੀ।

ਅਦਾਲਤ ਦੇ ਬਾਹਰ ਪ੍ਰਦਰਸ਼ਨ ਅਤੇ ਹੰਗਾਮਾ 

ਇਸ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਦੇ ਬਾਹਰ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ। ਪੀੜਤਾ ਦੇ ਸਮਰਥਨ 'ਚ ਪ੍ਰਦਰਸ਼ਨ ਕਰ ਰਹੀਆਂ ਮਹਿਲਾ ਕਾਂਗਰਸ ਕਾਰਕੁਨਾਂ ਦੀ ਪੁਲਸ ਨਾਲ ਝੜਪ ਹੋ ਗਈ, ਜਿਸ ਤੋਂ ਬਾਅਦ ਪੁਲਸ ਉਨ੍ਹਾਂ ਨੂੰ ਜੀਪਾਂ 'ਚ ਬਿਠਾ ਕੇ ਲੈ ਗਈ। ਸੁਰੱਖਿਆ ਦੇ ਮੱਦੇਨਜ਼ਰ ਅਦਾਲਤ ਦੇ ਬਾਹਰ ਰੈਪਿਡ ਐਕਸ਼ਨ ਫੋਰਸ (RAF) ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਸਮਾਜਿਕ ਕਾਰਕੁਨ ਯੋਗਿਤਾ ਭਯਾਨਾ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਨਿਆਂ ਦੀ ਉਮੀਦ ਹੈ ਅਤੇ ਹਾਈ ਕੋਰਟ ਦਾ "ਬਚਕਾਨਾ" ਆਦੇਸ਼ ਵਾਪਸ ਲਿਆ ਜਾਵੇਗਾ।

ਕੀ ਸੀ ਓਨਾਵ ਜਬਰ ਜ਼ਿਨਾਹ ਮਾਮਲਾ?

2017 'ਚ ਕੁਲਦੀਪ ਸਿੰਘ ਸੇਂਗਰ 'ਤੇ ਇਕ ਨਾਬਾਲਗ ਕੁੜੀ ਨੂੰ ਅਗਵਾ ਕਰਨ ਅਤੇ ਜਬਰ ਜ਼ਿਨਾਹ ਕਰਨ ਦਾ ਦੋਸ਼ ਸੀ। ਪੀੜਤ ਦੇ ਪਿਤਾ ਦੀ ਬਾਅਦ 'ਚ ਪੁਲਸ ਹਿਰਾਸਤ 'ਚ ਸ਼ੱਕੀ ਹਾਲਾਤ 'ਚ ਮੌਤ ਹੋ ਗਈ ਸੀ। ਦੋਵਾਂ ਮਾਮਲਿਆਂ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ ਸੀ। ਅਦਾਲਤ ਨੇ ਸੇਂਗਰ ਨੂੰ ਜਬਰ ਜ਼ਿਨਾਹ ਮਾਮਲੇ 'ਚ ਉਮਰ ਕੈਦ ਅਤੇ ਪਿਤਾ ਦੀ ਮੌਤ ਲਈ 10 ਸਾਲ ਕੈਦ ਦੀ ਸਜ਼ਾ ਸੁਣਾਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

DIsha

Content Editor

Related News