ਚੀਨ ਨੇ ਬਣਾਇਆ ਮਨੁੱਖ ਰਹਿਤ ਡ੍ਰੋਨ, ਸਰਹੱਦ ''ਤੇ ਕਰ ਸਕਦੈ ਤਾਇਨਾਤ
Monday, May 25, 2020 - 11:54 PM (IST)
ਬੀਜ਼ਿੰਗ - ਚੀਨ ਦੇ ਪਹਿਲੇ ਮਨੁੱਖ ਰਹਿਤ ਹੈਲੀਕਾਪਟਰ ਡ੍ਰੋਨ ਨੇ ਪਹਿਲੀ ਉਡਾਣ ਭਰੀ। ਦੇਸ਼ ਦੀ ਸਰਕਾਰੀ ਮੀਡੀਆ ਵਿਚ ਪ੍ਰਕਾਸ਼ਿਤ ਖਬਰ ਵਿਚ ਇਹ ਜਾਣਕਾਰੀ ਦਿੱਤੀ ਗਈ। ਇਸ ਨੂੰ ਪਹਾੜੀ ਖੇਤਰਾਂ ਵਿਚ ਉਡਾਣ ਭਰਨ ਲਈ ਬਣਾਇਆ ਗਿਆ ਹੈ ਅਤੇ ਇਹ ਉਚਾਈ ਤੋਂ ਹਮਲਾ ਕਰਨ ਅਤੇ ਨਿਗਰਾਨੀ ਰੱਖਣ ਵਿਚ ਸਮਰੱਥ ਹੈ। ਇਸ ਨੂੰ ਚੀਨ ਦੀ ਭਾਰਤ ਨਾਲ ਲੱਗਦੀ ਸਰਹੱਦ 'ਤੇ ਤਾਇਨਾਤ ਕੀਤਾ ਜਾ ਸਕਦਾ ਹੈ।
ਸਰਕਾਰੀ ਅਖਬਾਰ ਗਲੋਬਲ ਟਾਈਮਸ ਦੀ ਖਬਰ ਮੁਤਾਬਕ ਏ. ਆਰ.-500-ਸੀ ਮਨੁੱਖ ਰਹਿਤ ਹੈਲੀਕਾਪਟਰ ਉਚਾਈ ਤੋਂ ਸੰਪਰਕ ਕਰਨ ਵਿਚ ਸਮਰੱਥ ਹੈ ਅਤੇ ਤਿੱਬਤ ਵਿਚ ਚੀਨ ਦੀ ਭਾਰਤ ਨਾਲ ਲੱਗਣ ਵਾਲੀ ਦੱਖਣ-ਪੱਛਮੀ ਸਰਹੱਦ 'ਤੇ ਚੀਨ ਦੇ ਹਿੱਤਾਂ ਦੀ ਰੱਖਿਆ ਲਈ ਇਸ ਨੂੰ ਤਾਇਨਾਤ ਕੀਤਾ ਜਾ ਸਕਦਾ ਹੈ। ਚੀਨ ਦੇ ਸਰਕਾਰੀ ਉੱਦਮ ਏਵੀਏਸ਼ਨ ਇੰਡਸਟ੍ਰੀ ਕਾਰਪੋਰੇਸ਼ਨ ਆਫ ਚਾਈਨਾ (ਏ. ਵੀ. ਆਈ. ਸੀ.) ਵੱਲੋਂ ਵਿਕਸਤ ਡ੍ਰੋਨ ਨੇ ਬੁੱਧਵਾਰ ਨੂੰ ਪੂਰਬੀ ਚੀਨ ਦੇ ਜਿਯਾਂਗਸ਼ੀ ਸੂਬੇ ਦੇ ਪੋਯਾਂਗ ਵਿਚ ਸਥਿਤ ਏ. ਵੀ. ਆਈ. ਸੀ. ਬੇਸ ਤੋਂ ਸਫਲਤਾਪੂਰਵਕ ਪਹਿਲੀ ਉਡਾਣ ਭਰੀ।
ਗਲੋਬਲ ਟਾਈਮਸ ਵਿਚ ਐਤਵਾਰ ਨੂੰ ਪ੍ਰਕਾਸ਼ਿਤ ਖਬਰ ਮੁਤਾਬਕ ਏ. ਆਰ.-500-ਸੀ ਦਾ ਪਹਿਲਾ ਮਨੁੱਖ ਰਹਿਤ ਹੈਲੀਕਾਪਟਰ ਹੈ ਅਤੇ ਇਸ ਨੂੰ ਪਹਾੜੀ ਖੇਤਰਾਂ ਵਿਚ ਉੱਡਣ ਲਈ ਬਣਾਇਆ ਗਿਆ ਹੈ। ਇਹ 5 ਹਜ਼ਾਰ ਮੀਟਰ ਦੀ ਉਚਾਈ ਤੋਂ ਉਡਾਣ ਭਰ ਸਕਦਾ ਹੈ ਅਤੇ ਅਸਮਾਨ ਵਿਚ 6700 ਮੀਟਰ ਉਪਰ ਤੱਕ ਜਾ ਸਕਦਾ ਹੈ। ਏ. ਵੀ. ਆਈ. ਸੀ. ਵੱਲੋਂ ਜਾਰੀ ਇਕ ਬਿਆਨ ਮੁਤਾਬਕ ਹੈਲੀਕਾਪਟਰ ਦਾ ਮੁੱਖ ਕਾਰਜ ਨਿਗਰਾਨੀ ਕਰਨਾ ਅਤੇ ਸੰਚਾਰ ਸਥਾਪਿਤ ਕਰਨਾ ਹੈ ਪਰ ਜ਼ਰੂਰਤ ਪੈਣ 'ਤੇ ਇਸ ਦੀ ਸਹਾਇਤਾ ਨਾਲ ਹਮਲਾ ਕੀਤਾ ਜਾ ਸਕਦਾ ਹੈ ਅਤੇ ਸਮਾਨ ਪਹੁੰਚਾਇਆ ਜਾ ਸਕਦਾ ਹੈ।