ਅਨਲਾਕ ਦੇ ਐਲਾਨ ਨਾਲ ਸੈਰ-ਸਪਾਟਾ ਉਦਯੋਗ ਦੇ ਫਿਰ ਤੋਂ ਲੀਹ ’ਤੇ ਪਰਤਣ ਦੀ ਉਮੀਦ

Tuesday, Jun 01, 2021 - 10:12 AM (IST)

ਅਨਲਾਕ ਦੇ ਐਲਾਨ ਨਾਲ ਸੈਰ-ਸਪਾਟਾ ਉਦਯੋਗ ਦੇ ਫਿਰ ਤੋਂ ਲੀਹ ’ਤੇ ਪਰਤਣ ਦੀ ਉਮੀਦ

ਨੈਸ਼ਨਲ ਡੈਸਕ- ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਕੋਵਿਡ ਦੇ ਮਾਮਲਿਆਂ ’ਚ ਆਈ ਕਮੀ ਤੋਂ ਬਾਅਦ ਅਨਲਾਕ ਦਾ ਐਲਾਨ ਕੀਤਾ ਜਾ ਸਕਦਾ ਹੈ, ਜਿਸ ਨਾਲ ਸੈਰ-ਸਪਾਟਾ ਉਦਯੋਗ ਇਕ ਵਾਰ ਫਿਰ ਮੰਦੀ ਤੋਂ ਉੱਭਰ ਕੇ ਵਾਪਸ ਲੀਹ ’ਤੇ ਪਰਤ ਸਕਦਾ ਹੈ। ਅਨਲਾਕ ਦੀ ਆਸ ਨਾਲ ਦੇਸ਼ ਦੀਆਂ ਸੈਰ-ਸਪਾਟੇ ਵਾਲੀਆਂ ਥਾਵਾਂ ’ਤੇ ਸਥਿਤ ਜਾਇਦਾਦਾਂ ਅਤੇ ਹੋਟਲਾਂ ’ਚ ਬੁਕਿੰਗ ’ਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਅਤੇ ਘੁੰਮਣ ਦੇ ਮਕਸਦ ਨਾਲ ਲੋਕ ਪੁੱਛ-ਗਿੱਛ ਕਰ ਕੇ ਲਗਾਤਾਰ ਜਾਣਕਾਰੀ ਹਾਸਲ ਕਰ ਰਹੇ ਹਨ। ਹਾਲਾਂਕਿ ਇਸ ਕਾਰੋਬਾਰ ਨਾਲ ਜੁੜੇ ਜਾਣਕਾਰ ਅਜੇ ਵੀ ਇਹ ਮੰਨ ਕੇ ਚੱਲ ਰਹੇ ਹਨ ਕਿ ਦੂਜੀ ਲਹਿਰ ਦੇ ਗੰਭੀਰ ਪ੍ਰਭਾਵਾਂ ਕਾਰਨ ਸੈਰ-ਸਪਾਟਾ ਉਦਯੋਗ ਦੀ ਆਰਥਿਕਤਾ ਦੇ ਸੁਧਾਰ ’ਚ ਅਜੇ ਸਮਾਂ ਲੱਗ ਸਕਦਾ ਹੈ।

ਸੈਰ-ਸਪਾਟਾ ਅਤੇ ਹੋਟਲ ਉਦਯੋਗ ਚਲਾ ਰਹੇ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਪਿਛਲੇ ਅਨਲਾਕ ਦੇ ਮੁਕਾਬਲੇ ‘ਵੀ ਸ਼ੇਪ’ ਰਿਕਵਰੀ ਦੀ ਉਮੀਦ ਘੱਟ ਹੈ। ਰਿਵੈਂਜ ਟ੍ਰੈਵਲ (ਕੋਵਿਡ ਤੋਂ ਤੰਗ ਆ ਕੇ ਯਾਤਰਾ ਕਰਨਾ) ਦੀ ਵੀ ਘੱਟ ਸੰਭਾਵਨਾ ਪ੍ਰਗਟਾ ਰਹੇ ਹਨ। ਉੱਧਰ ਲੰਮੇ ਸਮੇਂ ਤੋਂ ਆਰਥਿਕ ਨੁਕਸਾਨ ਝੱਲ ਰਹੇ ਮੁੰਬਈ ਦੇ ਕੁਝ ਚੋਟੀ ਦੇ ਮਾਲਜ਼ ਪ੍ਰਬੰਧਕ ਸ਼ਾਪਿੰਗ ਸਥਾਨਾਂ ਨੂੰ ਫਿਰ ਤੋਂ ਖੋਲ੍ਹਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੋਵਿਡ-19 ਦੀ ਦੂਜੀ ਲਹਿਰ ’ਚ ਮਾਲਜ਼ ਨੂੰ ਦੋ ਮਹੀਨੇ ਦੀ ਮਿਆਦ ’ਚ 13,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਹੋਟਲ ਦੇ ਰਹੇ ਹਨ ਆਕਰਸ਼ਕ ਦਰਾਂ ’ਤੇ ਲੌਂਗ-ਸਟੇਅ ਪੈਕੇਜ
ਮੌਜੂਦਾ ਮੰਦੀ ਨਾਲ ਨਜਿੱਠਣ ਲਈ ਹੋਟਲ ਆਕਰਸ਼ਕ ਦਰਾਂ ’ਤੇ ਲੌਂਗ-ਸਟੇਅ ਪੈਕੇਜ ਦੇ ਰਹੇ ਹਨ। ਆਈ. ਟੀ. ਸੀ. ਨੇ ਹਾਲ ਹੀ ’ਚ ‘ਰਿਜੂਵੀਨੇਟ ਐਂਡ ਰੀਚਾਰਜ’ ਪੈਕੇਜ ਲਾਂਚ ਕੀਤਾ ਹੈ। ਇਹ ਇਕ ਵਿਸ਼ੇਸ਼ ਰੂਪ ਨਾਲ ਤਿਆਰ ਕੀਤਾ ਗਿਆ ਲੌਂਗ-ਸਟੇਅ ਪੈਕੇਜ ਹੈ। ਇਹ ਉਨ੍ਹਾਂ ਮਹਿਮਾਨਾਂ ਲਈ ਹੈ ਜੋ ਖੁਦ ਨੂੰ ਵੱਖ ਕਰਨਾ ਚਾਹੁੰਦੇ ਹਨ ਜਾਂ ਫਿਰ ਪਰਿਵਾਰ ਅਤੇ ਦੋਸਤਾਂ ਨਾਲ ਸੁਰੱਖਿਅਤ ਰਹਿਣਾ ਚਾਹੁੰਦੇ ਹਨ। ਇਹ ਪਹਾੜੀਆਂ ’ਚ ਚੋਣਵੇਂ ਹੋਟਲ ਜਿਵੇਂ ਵੈਲਕਮ ਹੋਟਲ ਚੈਲ, ਵੈਲਕਮ ਹੋਟਲ ਸ਼ਿਮਲਾ, ਵੈਲਕਮ ਹੋਟਲ ਦਿ ਸੇਵਾਏ ਮਸੂਰੀ ਅਤੇ ਵੈਲਕਮ ਹੋਟਲ ਪਹਿਲਗਾਮ ’ਚ ਵੀ ਗਤੀਵਿਧੀਆਂ ਦੀ ਪੇਸ਼ਕਸ਼ ਕਰ ਰਹੇ ਹਨ। ਵੈਲਕਮ ਗਰੁੱਪ ਦੇ ਇਕ ਬੁਲਾਰੇ ਦਾ ਕਹਿਣਾ ਹੈ ਕਿ ਆਮ ਤੌਰ ’ਤੇ ਪਹਾੜੀਆਂ ਅਤੇ ਸਮੁੰਦਰੀ ਤੱਟ ’ਤੇ ਲੋਕ ਕਈ ਤਣਾਵਾਂ ਤੋਂ ਜਲਦ ਰਿਕਵਰ ਹੋ ਜਾਂਦੇ ਹਨ। ਇਸ ਵਾਰ ਇਨ੍ਹਾਂ ਹੋਟਲਾਂ ’ਚ ਲੋਕਾਂ ਦੀ ਕਾਫ਼ੀ ਦਿਲਚਸਪੀ ਪੈਦਾ ਹੋ ਰਹੀ ਹੈ। ਇੱਕੋਰ ਹੋਟਲਾਂ ’ਚ ਘੱਟ ਤੋਂ ਘੱਟ 14 ਰਾਤਾਂ ਠਹਿਰਣ ਦਾ ਬਦਲ ਚੁਣਨ ’ਤੇ 40 ਫੀਸਦੀ ਤਕ ਦੀ ਬੱਚਤ ਕੀਤੀ ਜਾ ਸਕਦੀ ਹੈ।

ਮੁੰਬਈ ਦੇ ਸ਼ਾਪਿੰਗ ਮਾਲ ਮਾਲਕਾਂ ਨੇ ਟੈਕਸਾਂ ’ਚ ਸਰਕਾਰ ਤੋਂ ਮੰਗੀ ਛੋਟ
ਲੰਬੇ ਸਮੇਂ ਤੋਂ ਨੁਕਸਾਨ ਝੱਲ ਰਹੇ ਮੁੰਬਈ ਦੇ ਕੁਝ ਚੋਟੀ ਦੇ ਮਾਲਸ ਪ੍ਰਬੰਧਕ ਸ਼ਾਪਿੰਗ ਸਥਾਨਾਂ ਨੂੰ ਫਿਰ ਤੋਂ ਖੋਲ੍ਹਣ ਲਈ ਕਹਿ ਰਹੇ ਹਨ, ਕਿਉਂਕਿ ਜੂਨ ’ਚ ਵਿੱਤੀ ਰਾਜਧਾਨੀ ’ਚ ਦੁਕਾਨਾਂ ਖੁੱਲ੍ਹਣ ਦਾ ਸਮਾਂ ਵਧਾਇਆ ਜਾਵੇਗਾ। ਅਨਲਾਕ ਪ੍ਰੋਗਰਾਮ ਤਹਿਤ ਮਹਾਰਾਸ਼ਟਰ ਸਰਕਾਰ ਨੇ ਐਤਵਾਰ ਨੂੰ ਘੱਟ ਕੋਰੋਨਾ ਦਰ ਵਾਲੇ ਜ਼ਿਲਿਆਂ ’ਚ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਦੇ ਸਮੇਂ ਨੂੰ ਤਿੰਨ ਘੰਟੇ ਵਧਾ ਦਿੱਤਾ ਹੈ। ਮੁੰਬਈ ਇਸ ਸੂਚੀ ’ਚ ਸ਼ਾਮਲ ਹੈ। ਇਨਫਿਨਿਟੀ ਮਾਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਮੁਕੇਸ਼ ਕੁਮਾਰ ਦਾ ਕਹਿਣਾ ਹੈ ਕਿ ਹੁਣ ਅਜਿਹਾ ਨਹੀਂ ਹੋਣਾ ਚਾਹੀਦਾ, ਕਿਉਂਕਿ ਮਾਲ ਖ਼ਰੀਦਾਰੀ ਕਰਨ ਲਈ ਸੁਰੱਖਿਅਤ ਸਥਾਨ ਹਨ। ਮਾਲਜ਼ ਨੇ ਛੋਟੀ ਮਿਆਦ ਦੇ ਲਈ ਪ੍ਰਾਪਰਟੀ ਟੈਕਸ, ਬਿਜਲੀ ਚਾਰਜ ਅਤੇ ਐਕਸਾਈਜ਼ ਡਿਊਟੀ ਵਰਗੇ ਕਾਨੂੰਨੀ ਭੁਗਤਾਨਾਂ ’ਤੇ ਵੀ ਛੋਟ ਮੰਗੀ ਹੈ। ਰਿਟੇਲਰਸ ਐਸੋਸੀਏਸ਼ਨ ਆਫ ਇੰਡੀਆ ਨੇ ਸੰਕਟ ਨਾਲ ਨਜਿੱਠਣ ’ਚ ਮਦਦ ਕਰਨ ਲਈ ਪਾਲਣਾ ਦੀਆਂ ਜ਼ਰੂਰਤਾਂ, ਵਿਆਜ ਸਬਵੇਂਸ਼ਨ ਅਤੇ ਮੂਲ ਧਨ ਅਤੇ ਵਿਆਜ ਭੁਗਤਾਨ ’ਤੇ 6 ਮਹੀਨੇ ਲਈ ਠਹਿਰਾਅ ਲਗਾਉਣ ਦੀ ਮੰਗ ਕੀਤੀ ਹੈ। ਉਦਯੋਗ ਦਾ ਅੰਦਾਜ਼ਾ ਹੈ ਕਿ ਅਪ੍ਰੈਲ-ਮਈ ’ਚ ਰਿਟੇਲ ਵਿਕਰੇਤਾਵਾਂ ਨੂੰ ਮਾਲੀਆ ਘਾਟਾ 25,000 ਕਰੋੜ ਡਾਲਰ ਦਾ ਹੈ।

ਦੂਜੀ ਲਹਿਰ ਡਰਾਉਣੀ ਹੋਣ ਨਾਲ ਤੇਜ਼ੀ ਨਾਲ ਰਿਕਵਰੀ ਦੀ ਸੰਭਾਵਨਾ ਘੱਟ
ਅਗਲੇ ਕੁਝ ਹਫਤਿਆਂ ’ਚ ਵੱਖ-ਵੱਖ ਸੂਬਿਆਂ ਸੂਬਾ ਸਰਕਾਰਾਂ ਵੱਲੋਂ ਪਾਬੰਦੀਆਂ ’ਚ ਢਿੱਲ ਦਾ ਐਲਾਨ ਕੀਤੇ ਜਾਣ ਦੀ ਉਮੀਦ ਹੈ। ਇਸ ਦੇ ਚਲਦੇ ਹੁਣ ਹੋਟਲ ਖੁੱਲ੍ਹਣ ਤੋਂ ਪਹਿਲਾਂ ਛੁੱਟੀਆਂ ਮਨਾਉਣ ਵਾਲੀਆਂ ਥਾਵਾਂ ’ਚ ਉਨ੍ਹਾਂ ਦੀਆਂ ਜਾਇਦਾਦਾਂ ’ਤੇ ਪੁੱਛਗਿੱਛ ਅਤੇ ਬੁਕਿੰਗ ’ਚ ਵਾਧਾ ਹੁੰਦਾ ਜਾ ਰਿਹਾ ਹੈ। ਹਾਲਾਂਕਿ ਸੈਰ-ਸਪਾਟਾ ਉਦਯੋਗ ਨੂੰ ਕਿੰਨਾ ਫਾਇਦਾ ਹੋਣ ਵਾਲਾ ਹੈ, ਇਸ ਦੀ ਸਹੀ ਤਸਵੀਰ ਤਾਂ ਅਨਲਾਕ ਤੋਂ ਬਾਅਦ ਹੀ ਸਾਹਮਣੇ ਆਵੇਗੀ। ਹੋਟਲ ਕੰਸਲਟਿੰਗ ਫਰਮ ਹੋਟਲਾਈਵੇਟ ਦੇ ਸੰਸਥਾਪਕ ਅਤੇ ਪ੍ਰੈਜ਼ੀਡੈਂਟ ਮਾਨਵ ਥਡਾਨੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਜੂਨ ’ਚ ਛੁੱਟੀਆਂ ਦੀ ਯਾਤਰਾ ਸ਼ੁਰੂ ਹੋ ਜਾਵੇਗੀ ਅਤੇ ਦੂਜੀ ਤਿਮਾਹੀ ’ਚ ਚੀਜ਼ਾਂ ’ਚ ਹੋਰ ਸੁਧਾਰ ਹੋਵੇਗਾ। ਉਹ ਕਹਿੰਦੇ ਹਨ ਪਰ ਇਸ ਦਾ ਰੁਝਾਨ 4 ਤੋਂ 6 ਹਫ਼ਤਿਆਂ ਤੋਂ ਬਾਅਦ ਹੀ ਵਿਖਾਈ ਦੇਵੇਗਾ। ਦੂਜੀ ਲਹਿਰ ਦੀ ਗੰਭੀਰਤਾ ਅਤੇ ਇਸ ਦੇ ਭਿਆਨਕ ਨਤੀਜਿਆਂ ਕਾਰਨ ਪਿਛਲੀ ਵਾਰ ਵਾਂਗ ਤੇਜ਼ ‘ਵੀ ਸ਼ੇਪ’ ਰਿਕਵਰੀ ਅਤੇ ਤਥਾਕਥਿਤ ਟ੍ਰੈਵਲ ਰਿਵੈਂਜ ਯਾਤਰਾ ਦੀ ਵੀ ਇਸ ਵਾਰ ਘੱਟ ਸੰਭਾਵਨਾ ਹੈ।

ਫਰਵਰੀ ਦੇ ਮੁਕਾਬਲੇ ਬੁਕਿੰਗ ਅਤੇ ਪੁੱਛਗਿੱਛ ’ਚ ਗਿਰਾਵਟ
ਇੰਡੀਅਨ ਹੋਟਲ (ਆਈ. ਐੱਚ. ਸੀ. ਐੱਲ.) ਦੇ ਸੀਨੀਅਰ ਵਾਈਜ਼ ਪ੍ਰੈਜ਼ੀਡੈਂਟ ਪ੍ਰਵੀਨ ਚੰਦਰ ਹੋਟਲਾਂ ਅਤੇ ਸੈਰ-ਸਪਾਟੇ ਵਾਲੀਆਂ ਥਾਵਾਂ ਲਈ ਕੀਤੀ ਜਾ ਰਹੀ ਮਾਰਕੀਟਿੰਗ ਅਤੇ ਬੁਕਿੰਗ ਨਾਲ ਸਹਿਮਤ ਹਨ ਪਰ ਉਹ ਕਹਿੰਦੇ ਹਨ ਕਿ ਜੂਨ ਲਈ ਹੋ ਰਹੀ ਬੁਕਿੰਗ ਉਤਸ਼ਾਹਜਨਕ ਹੈ ਪਰ ਇਸ ਦੀ ਤੁਲਨਾ ਫਰਵਰੀ ਨਾਲ ਨਹੀਂ ਕੀਤੀ ਜਾ ਸਕਦੀ, ਜਦੋਂ ਬੁਕਿੰਗ ਬਹੁਤ ਜ਼ਿਆਦਾ ਸੀ। ਪ੍ਰਵੀਨ ਚੰਦਰ ਦਾ ਕਹਿਣਾ ਹੈ ਕਿ ਬੁਕਿੰਗ ਤੇ ਪੁੱਛਗਿੱਛ ’ਚ ਵਾਧਾ ਤਾਂ ਹੋਇਆ ਹੈ ਪਰ ਇਹ ਛੋਟੀ ਮਿਆਦ ਲਈ ਹੈ। ਉਨ੍ਹਾਂ ਦੱਸਿਆ ਕਿ ਅਸੀਂ ਸਮਾਜਿਕ ਆਯੋਜਨਾ, ਵਿਆਹ ਸਮਾਗਮਾਂ ਦੀ ਬੁਕਿੰਗ ਤਾਂ ਦੇਖ ਰਹੇ ਹਾਂ ਪਰ ਇਨ੍ਹਾਂ ਦੀ ਗਿਣਤੀ ਕਾਫੀ ਘੱਟ ਹੈ। ਮਈ ਮਹੀਨੇ ’ਚ ਭਾਰਤ ’ਚ ਇਕ ਹੀ ਦਿਨ ’ਚ ਚਾਰ ਲੱਖ ਤੋਂ ਵੱਧ ਕੋਵਿਡ ਦੇ ਮਾਮਲੇ ਦਰਜ ਕੀਤੇ ਗਏ। ਲੋਕਾਂ ਨੂੰ ਸਖ਼ਤ ਪਾਬੰਦੀਆਂ ਦਾ ਸਾਹਮਣਾ ਕਰਨਾ ਪਿਆ, ਯਾਤਰਾ ਦੀ ਮਨਾਹੀ ਅਤੇ ਆਰ. ਟੀ.-ਪੀ. ਸੀ. ਆਰ. ਟੈਸਟ ਤਕ ਲਾਜ਼ਮੀ ਕਰ ਦਿੱਤਾ ਗਿਆ। ਇਸ ਨਾਲ ਸੈਰ-ਸਪਾਟਾ ਉਦਯੋਗ ਦੀਆਂ ਸਹੂਲਤਾਂ ਦੀ ਕੀਮਤ ’ਚ ਗਿਰਾਵਟ ਦੇਖਣ ਨੂੰ ਮਿਲੀ।

ਵੈਕਸੀਨੇਸ਼ਨ ਨਾਲ ਵਧਿਆ ਆਤਮਵਿਸ਼ਵਾਸ, ਟ੍ਰੈਵਲਿੰਗ ਵਧੀ
ਕੋਵਿਡ ਦੇ ਤਾਜ਼ਾ ਮਾਮਲਿਆਂ ’ਚ ਆਈ ਗਿਰਾਵਟ ਅਤੇ ਵੈਕਸੀਨੇਸ਼ਨ ’ਚ ਆਈ ਤੇਜ਼ੀ ਨਾਲ ਇਕ ਵਾਰ ਫਿਰ ਟ੍ਰੈਵਲਿੰਗ ਦੇ ਖੇਤਰ ’ਚ ਉਛਾਲ ਆਉਣ ਦੀ ਸੰਭਾਵਨਾ ਹੈ। ਆਈ. ਟੀ. ਸੀ. ਹੋਟਲ ਦੇ ਬੁਲਾਰੇ ਮੁਤਾਬਕ ਵੈਕਸੀਨੇਸ਼ਨ ਨਾਲ ਲੋਕਾਂ ’ਚ ਯਾਤਰਾ ਕਰਨ ਦਾ ਆਤਮਵਿਸ਼ਵਾਸ ਵਧਿਆ ਹੈ। ਇਸ ਨਾਲ ਸ਼ਹਿਰਾਂ ਦੇ ਰਿਜ਼ਾਰਟ ਅਤੇ ਹੋਰ ਥਾਵਾਂ ’ਚ ਰੁਚੀ ਵਧੇਗੀ। ਉਹ ਕਹਿੰਦੇ ਹਨ ਕਿ ਇਸ ਸਾਲ ਦੀ ਦੂਜੀ ਤਿਮਾਹੀ ’ਚ ਵਿਆਹਾਂ ਲਈ ਕਈ ਮਹੱਤਵਪੂਰਨ ਤਰੀਕਾਂ ਹਨ, ਜਿਨ੍ਹਾਂ ਦੀ ਤੇਜ਼ੀ ਨਾਲ ਬੁਕਿੰਗ ਹੋ ਰਹੀ ਹੈ, ਜਦਕਿ ਇਨ੍ਹਾਂ ਵਿਆਹਾਂ ’ਚ ਕਿੰਨੀਆਂ ਬੰਦਿਸ਼ਾਂ ਰਹਿਣਗੀਆਂ, ਇਹ ਸਬੰਧਤ ਸ਼ਹਿਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ’ਤੇ ਨਿਰਭਰ ਕਰੇਗਾ। ਕਈ ਬਰਾਂਡਾਂ ਸਮੇਤ ਹੋਟਲ ਦੀ ਚੇਨ ਚਲਾਉਣ ਵਾਲੇ ਇੱਕੋਰ ਇੰਡੀਆ ਅਤੇ ਸਾਊਥ ਏਸ਼ੀਆ ਦੇ ਵਾਈਸ ਪ੍ਰੈਜ਼ੀਡੈਂਟ ਕੇਰੀ ਹੈਨਾਫੋਰਡ ਕਹਿੰਦੇ ਹਨ ਕਿ ਅਜੇ ਸਰਦ ਰੁੱਤ ਬੁਕਿੰਗ ਅਤੇ ਪੁੱਛਗਿੱਛ ਬਾਰੇ ਟਿੱਪਣੀ ਕਰਨਾ ਜਲਦਬਾਜ਼ੀ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸੂਬਿਆਂ ਵੱਲੋਂ ਅਨਲਾਕ ਸ਼ੁਰੂ ਹੋਣ ਤੋਂ ਬਾਅਦ ਬੁਕਿੰਗ ਦੀ ਗਤੀ ’ਚ ਸੁਧਾਰ ਹੋਵੇਗਾ। ਮੌਜੂਦਾ ’ਚ ਮਹਿਮਾਨ ਅਨਿਸ਼ਚਤਾ ਨੂੰ ਵੇਖਦੇ ਹੋਏ ਘੱਟ ਸਮੇਂ ਦੇ ਨਾਲ ਬੁਕਿੰਗ ਕਰਨਾ ਪਸੰਦ ਕਰਦੇ ਹਨ।


author

Tanu

Content Editor

Related News