ਮਹਾਰਾਸ਼ਟਰ ''ਚ ਅਨਲਾਕ-4 ਦੀ ਗਾਈਡਲਾਈਨ ਜਾਰੀ, ਜਾਣੋ ਕੀ ਖੁਲ੍ਹੇਗਾ ਅਤੇ ਕੀ ਰਹੇਗਾ ਬੰਦ
Monday, Aug 31, 2020 - 09:10 PM (IST)
ਮੁੰਬਈ - ਮਹਾਰਾਸ਼ਟਰ ਸਰਕਾਰ ਨੇ ਸੋਮਵਾਰ ਨੂੰ ਅਨਲਾਕ-4 ਦੀ ਗਾਈਡਲਾਈਨ ਜਾਰੀ ਕਰ ਦਿੱਤੀ। ਗਾਈਡਲਾਈਨਸ ਮੁਤਾਬਕ ਮਹਾਰਾਸ਼ਟਰ 'ਚ ਨਿੱਜੀ ਦਫ਼ਤਰ 30 ਫੀਸਦੀ ਸਟਾਫ ਨਾਲ ਸ਼ੁਰੂ ਕੀਤੇ ਜਾ ਸਕਣਗੇ। ਫਿਲਹਾਲ ਨਿੱਜੀ ਦਫ਼ਤਰਾਂ ਨੂੰ 10 ਫ਼ੀਸਦੀ ਸਟਾਫ ਦੇ ਨਾਲ ਕੰਮ ਕਰਨ ਦੀ ਇਜਾਜ਼ਤ ਸੀ।
ਮਹਾਰਾਸ਼ਟਰ 'ਚ ਹੋਟਲਾਂ ਨੂੰ 100 ਫ਼ੀਸਦੀ ਸਮਰੱਥਾ ਨਾਲ ਖੋਲ੍ਹਣ ਦੀ ਮਨਜ਼ੂਰੀ ਦਿੱਲੀ ਗਈ ਹੈ। ਹਾਲਾਂਕਿ ਸਰਕਾਰ ਨੇ ਇਸ ਦੇ ਲਈ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ (ਐੱਸ.ਓ.ਪੀ.) ਦਾ ਸਖ਼ਤੀ ਨਾਲ ਪਾਲਣ ਕਰਨਾ ਲਾਜ਼ਮੀ ਬਣਾ ਦਿੱਤਾ ਹੈ। ਪ੍ਰਦੇਸ਼ ਦੇ ਅੰਦਰ ਜ਼ਿਲ੍ਹਿਆਂ 'ਚ ਆਉਣ ਜਾਣ ਹੁਣ ਈ-ਪਾਸ ਦੀ ਜ਼ਰੂਰਤ ਨਹੀਂ ਹੋਵੇਗੀ। ਜਿੱਥੇ ਤੱਕ ਹੋ ਸਕੇ ਵਰਕ ਫਰਾਮ ਹੋਮ (ਘਰੋਂ ਕੰਮ) ਨੂੰ ਪਹਿਲ ਦਿੱਤੀ ਜਾਵੇਗੀ। ਦਫ਼ਤਰ, ਕੰਮ ਵਾਲੀ ਥਾਂ, ਦੁਕਾਨ, ਮਾਰਕੀਟ ਅਤੇ ਉਦਯੋਗਕ ਅਤੇ ਕਾਰੋਬਾਰੀ ਗਤੀਵਿਧੀਆਂ ਲਈ ਕੰਮ ਦੇ ਘੰਟੇ ਤੈਅ ਹੋਣਗੇ। ਜੋ ਵੀ ਜਨਤਕ ਥਾਂ ਹੋਣਗੇ ਉੱਥੇ ਥਰਮਲ ਸਕਰੀਨਿੰਗ, ਹੈਂਡ ਵਾਸ਼ ਅਤੇ ਸੈਨੇਟਾਈਜ਼ਰ ਦਾ ਇਸਤੇਮਾਲ ਜ਼ਰੂਰੀ ਹੋਵੇਗਾ।
ਜਨਤਕ ਥਾਵਾਂ ਅਤੇ ਦਫ਼ਤਰ-ਕੰਮ ਵਾਲੀ ਥਾਂ 'ਤੇ ਸੈਨੇਟਾਈਜੇਸ਼ਨ ਦਾ ਕੰਮ ਚੱਲਦਾ ਰਹੇਗਾ। ਕੰਮ ਦੌਰਾਨ ਸ਼ਿਫਟ ਬਦਲਣ 'ਤੇ ਸੈਨੇਟਾਈਜੇਸ਼ਨ ਦਾ ਕੰਮ ਕੀਤਾ ਜਾਵੇਗਾ। ਦਫ਼ਤਰ 'ਚ ਜਿਹੜੇ ਲੋਕ ਕੰਮ ਕਰਨਗੇ ਉਹ ਲੰਚ ਬ੍ਰੇਕ ਆਦਿ 'ਚ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਣਗੇ।
ਇਸ ਤੋਂ ਇਲਾਵਾ ਜਨਤਕ ਥਾਂ, ਕੰਮ ਵਾਲੀ ਥਾਂ ਅਤੇ ਯਾਤਰਾ ਦੌਰਾਨ ਫੇਸ ਮਾਸਕ ਲਗਾਉਣਾ ਜ਼ਰੂਰੀ ਹੋਵੇਗਾ। ਪਬਲਿਕ ਪਲੇਸ 'ਤੇ ਆਪਸ 'ਚ 2 ਗਜ (6 ਫੁੱਟ) ਦੀ ਦੂਰੀ ਬਣਾਏ ਰੱਖਣਾ ਜ਼ਰੂਰੀ ਹੈ। ਦੁਕਾਨਾਂ 'ਤੇ ਵੀ ਸੋਸ਼ਲ ਡਿਸਟੈਂਸਿੰਗ ਬਣਾ ਕੇ ਖਰੀਦਾਰੀ ਕਰਨੀ ਹੋਵੇਗੀ। ਦੁਕਾਨਾਂ 'ਤੇ ਇਕੱਠੇ 5 ਤੋਂ ਜ਼ਿਆਦਾ ਕਸਟਮਰ ਖੜ੍ਹੇ ਨਹੀਂ ਹੋਣਗੇ।
ਉਧਵ ਸਰਕਾਰ ਵੱਲੋਂ ਜਾਰੀ ਕੀਤੀ ਗਈ ਨਵੀਂ ਗਾਈਡਲਾਈਨਸ ਮੁਤਾਬਕ ਵਿਆਹ 'ਚ ਫਿਲਹਾਲ 50 ਤੋਂ ਜ਼ਿਆਦਾ ਲੋਕ ਇਕੱਠੇ ਨਹੀਂ ਹੋ ਸਕਦੇ। ਅੰਤਿਮ ਸੰਸਕਾਰ ਦੌਰਾਨ ਵੱਧ ਤੋਂ ਵੱਧ 20 ਲੋਕ ਇਕੱਠੇ ਹੋਣਗੇ। ਜਨਤਕ ਥਾਵਾਂ 'ਤੇ ਥੂੱਕਣਾ ਸਜ਼ਾਯੋਗ ਮੰਨਿਆ ਜਾਵੇਗਾ। ਸਬੰਧਿਤ ਅਧਿਕਾਰੀ ਇਸ ਦੇ ਲਈ ਜੁਰਮਾਨਾ ਵੀ ਲਗਾ ਸਕਦੇ ਹਨ। ਜਨਤਕ ਥਾਵਾਂ 'ਤੇ ਸ਼ਰਾਬ ਪੀਣਾ, ਪਾਨ-ਗੁਟਖਾ ਆਦਿ ਖਾਣਾ ਪਾਬੰਦੀਸ਼ੁਦਾ ਹੋਵੇਗਾ।
ਇਸ ਤੋਂ ਇਲਾਵਾ 30 ਸਤੰਬਰ ਤੱਕ ਪੂਰੇ ਪ੍ਰਦੇਸ਼ 'ਚ ਸਕੂਲ, ਕਾਲਜ, ਵਿਦਿਅਕ ਅਦਾਰੇ ਅਤੇ ਕੋਚਿੰਗ ਸੈਂਟਰ ਆਦਿ ਬੰਦ ਰਹਿਣਗੇ। ਡਿਸਟੈਂਸ ਲਰਨਿੰਗ ਦੀ ਇਜਾਜ਼ਤ ਹੋਵੇਗੀ। ਸਿਨੇਮਾ ਹਾਲ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ਥਿਏਟਰ, ਬਾਰ, ਅਸੈਂਬਲੀ ਹਾਲ ਬੰਦ ਰਹਿਣਗੇ। ਮੈਟਰੋ ਸੇਵਾ ਵੀ ਬੰਦ ਰੱਖੀ ਜਾਵੇਗੀ। ਸਾਮਾਜਕ, ਰਾਜਨੀਤਕ, ਖੇਡ, ਮਨੋਰੰਜਨ, ਅਕਾਦਮਿਕ, ਸਭਿਆਚਾਰਕ ਅਤੇ ਧਾਰਮਿਕ ਪ੍ਰੋਗਰਾਮਾਂ 'ਤੇ ਪਾਬੰਦੀ ਰਹੇਗੀ। ਜ਼ਰੂਰੀ ਸੇਵਾਵਾਂ ਦੀਆਂ ਦੁਕਾਨਾਂ ਪਹਿਲਾਂ ਦੀ ਤਰ੍ਹਾਂ ਖੁੱਲ੍ਹੀਆ ਰਹਿਣਗੀਆਂ।