ਅਨਲਾਕ-3: ਕੇਜਰੀਵਾਲ ਸਰਕਾਰ ਨੇ ਹੋਟਲ ਖੋਲ੍ਹਣ ਦੀ ਦਿੱਤੀ ਇਜਾਜ਼ਤ, ਜਿਮ ਰਹਿਣਗੇ ਬੰਦ
Thursday, Aug 20, 2020 - 12:59 AM (IST)
ਨਵੀਂ ਦਿੱਲੀ - ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਅਨਲਾਕ-3 ਦੇ ਤਹਿਤ ਹੋਟਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ, ਜਿਮ ਖੋਲ੍ਹਣ 'ਤੇ ਪਾਬੰਦੀ ਜਾਰੀ ਰਹੇਗੀ। ਸਰਕਾਰ ਨੇ ਟ੍ਰਾਇਲ 'ਤੇ ਹਫ਼ਤਾਵਾਰ ਬਾਜ਼ਾਰਾਂ ਨੂੰ ਵੀ ਮਨਜ਼ੂਰੀ ਦਿੱਤੀ ਹੈ। ਦਿੱਲੀ ਡਿਜਾਸਟਰ ਮੈਨੇਜਮੈਂਟ ਅਥਾਰਟੀ ਦੀ ਬੈਠਕ 'ਚ ਇਹ ਫੈਸਲੇ ਲਏ ਗਏ।
ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਅਨਲਾਕ-3 'ਚ ਛੋਟ ਦੇਣ ਤੋਂ ਬਾਅਦ ਕੇਜਰੀਵਾਲ ਸਰਕਾਰ ਦਾ ਹੋਟਲ ਅਤੇ ਹਫ਼ਤਾਵਾਰ ਬਾਜ਼ਾਰ ਖੋਲ੍ਹਣ ਦਾ ਪ੍ਰਸਤਾਵ ਉਪ ਰਾਜਪਾਲ ਅਨਿਲ ਬੈਜਲ ਨੇ ਖਾਰਿਜ ਕਰ ਦਿੱਤਾ ਸੀ। ਉਪ ਮੁੱਖ ਮੰਤਰੀ ਮਨੀਸ਼ ਸਿਸੋਦਿਆ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਉਪ ਰਾਜਪਾਲ ਨੂੰ ਆਪਣਾ ਫ਼ੈਸਲਾ ਵਾਪਸ ਲੈਣ ਦਾ ਨਿਰਦੇਸ਼ ਦੇਣ ਦੀ ਅਪੀਲ ਵੀ ਕੀਤੀ ਸੀ।
ਅਮਿਤ ਸ਼ਾਹ ਨੂੰ ਲਿਖੇ ਪੱਤਰ 'ਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦਿਆ ਨੇ ਕਿਹਾ ਸੀ ਕਿ ਦਿੱਲੀ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਘੱਟ ਹੋ ਰਹੇ ਹਨ, ਹਾਲਤ ਕਾਬੂ 'ਚ ਹਨ। ਜਦੋਂ ਕਿ ਯੂ.ਪੀ. ਅਤੇ ਕਰਨਾਟਕ, ਜਿੱਥੇ ਲਗਾਤਾਰ ਮਾਮਲੇ ਵੱਧ ਰਹੇ ਹਨ, ਉੱਥੇ ਹੋਟਲ ਅਤੇ ਹਫ਼ਤਾਵਾਰ ਬਾਜ਼ਾਰ ਖੁੱਲ੍ਹੇ ਹੋਏ ਹਨ। ਮਨੀਸ਼ ਸਿਸੋਦਿਆ ਨੇ ਕਿਹਾ ਕਿ ਇਹ ਸਮਝ ਤੋਂ ਪਰੇ ਹੈ ਕਿ ਜਿਸ ਸੂਬੇ ਨੇ ਕੋਰੋਨਾ ਕੰਟਰੋਲ 'ਚ ਬਿਹਤਰ ਕੰਮ ਕੀਤਾ, ਉਸ ਨੂੰ ਆਪਣੇ ਕੰਮ ਬੰਦ ਰੱਖਣ ਲਈ ਕਿਉਂ ਰੋਕਿਆ ਜਾ ਰਿਹਾ ਹੈ?
ਉਪ ਮੁੱਖ ਮੰਤਰੀ ਨੇ ਲਿਖਿਆ ਸੀ ਕਿ ਦਿੱਲੀ ਦਾ 8 ਫੀਸਦੀ ਕੰਮ-ਕਾਜ ਅਤੇ ਰੁਜ਼ਗਾਰ ਹੋਟਲ ਨਾ ਖੁੱਲ੍ਹਣ ਕਾਰਨ ਠੱਪ ਪਏ ਹਨ। ਹਫ਼ਤਾਵਾਰ ਬਾਜ਼ਾਰ ਬੰਦ ਰਹਿਣ ਨਾਲ 5 ਲੱਖ ਪਰਿਵਾਰ ਪਿਛਲੇ 4 ਮਹੀਨੇ ਤੋਂ ਘਰ 'ਚ ਬੈਠੇ ਹਨ।