Union Budget 2026: Middle class ਦੇ ਹੱਥ ਖਾਲੀ, ਟੁੱਟੀਆਂ 5 ਵੱਡੀਆਂ ਉਮੀਦਾਂ
Sunday, Feb 01, 2026 - 02:22 PM (IST)
ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਦੇਸ਼ ਦਾ ਆਰਥਿਕ ਬਜਟ 2026 ਪੇਸ਼ ਕਰ ਦਿੱਤਾ ਹੈ। ਲਗਭਗ 53 ਲੱਖ ਕਰੋੜ ਰੁਪਏ ਦੇ ਇਸ ਵਿਸ਼ਾਲ ਬਜਟ 'ਚ ਸਰਕਾਰ ਨੇ ਆਮ ਆਦਮੀ, ਔਰਤਾਂ, ਕਿਸਾਨਾਂ ਅਤੇ ਨੌਜਵਾਨਾਂ 'ਤੇ ਧਿਆਨ ਕੇਂਦਰਿਤ ਕਰਨ ਦਾ ਦਾਅਵਾ ਕੀਤਾ ਹੈ। ਹਾਲਾਂਕਿ, ਕਈ ਅਜਿਹੇ ਵੱਡੇ ਐਲਾਨ ਹਨ ਜਿਨ੍ਹਾਂ ਦੀ ਉਮੀਦ ਆਮ ਜਨਤਾ ਕਰ ਰਹੀ ਸੀ, ਪਰ ਉਹ ਪੂਰੀ ਨਹੀਂ ਹੋ ਸਕੀ।
ਟੁੱਟੀਆਂ ਪੰਜ ਵੱਡੀਆਂ ਉਮੀਦਾਂ
1. ਇਨਕਮ ਟੈਕਸ 'ਚ ਕੋਈ ਰਾਹਤ ਨਹੀਂ
ਟੈਕਸਦਾਤਾਵਾਂ ਨੂੰ ਉਮੀਦ ਸੀ ਕਿ ਨਵੇਂ ਟੈਕਸ ਰਿਜੀਮ ਤਹਿਤ ਆਮ ਟੈਕਸ ਦਾਤਾਵਾਂ ਲਈ 12 ਲੱਖ ਰੁਪਏ ਤਕ ਦੀ ਸਾਲਾਨਾ ਕਮਾਈ ਉੱਤੇ ਜ਼ੀਰੋ ਫੀਸਦੀ ਟੈਕਸ ਦਾ ਐਲਾਨ ਕੀਤਾ ਗਿਆ ਸੀ, ਜਿਸ ਦੀ ਲਿਮਟ ਵਧਾ ਕੇ ਇਸ ਵਾਰ 14 ਲੱਖ ਕੀਤੇ ਜਾਣ ਦੀ ਉਮੀਦ ਸੀ ਪਰ ਸਰਕਾਰ ਨੇ ਇਸ ਵਿਚ ਕੋਈ ਬਦਲਾਅ ਨਹੀਂ ਸਕੀਤਾ।
2. ਨਵੇਂ ਟੈਕਸ ਰਿਜੀਮ ਵਿਚ ਛੋਟ
ਨਵੇਂ ਟੈਕਸ ਸਿਸਟਮ ਦੇ ਤਹਿਤ PPF, NPS ਅਤੇ ELSS ਵਰਗੀਆਂ ਬਚਤ ਯੋਜਨਾਵਾਂ 'ਤੇ ਟੈਕਸ ਛੋਟ ਦਿੱਤੇ ਜਾਣ ਦੀ ਉਮੀਦ ਕੀਤੀ ਜਾ ਰਹੀ ਸੀ। ਪਰ ਸਰਕਾਰ ਨੇ ਇਸ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ। ਇਹ ਸਿਰਫ ਪੁਰਾਣੇ ਟੈਕਸ ਰਿਜੀਮ ਦੇ ਤਹਿਤ ਹੀ ਛੋਟ ਦੇ ਯੋਗ ਹੋਣਗੇ। ਓਲਡ ਟੈਕਸ ਰਿਜੀਮ ਵਿਚ ਇਨ੍ਹਾਂ ਯੋਜਨਾ ਵਿਚ ਨਿਵੇਸ਼ ਉੱਤੇ ਇਨਕਮ ਟੈਕਸ ਦੀ ਧਾਰਾ 80ਸੀ ਦੇ ਤਹਿਤ 1.5 ਲੱਖ ਰੁਪਏ ਤੱਕ ਦੀ ਛੋਟ ਦਿੱਤੀ ਜਾਂਦੀ ਹੈ।
3. ਕਿਸਾਨਾਂ ਦੀਆਂ ਮੰਗਾਂ ਅਣਗੌਲੀਆਂ
ਕਿਸਾਨਾਂ ਨੂੰ ਉਮੀਦ ਸੀ ਕਿ ਪੀਐੱਮ ਕਿਸਾਨ ਸਨਮਾਨ ਨਿਧੀ ਦੀ ਰਾਸ਼ੀ 6,000 ਰੁਪਏ ਤੋਂ ਵਧਾ ਕੇ 12,000 ਰੁਪਏ ਕੀਤੀ ਜਾਵੇਗੀ, ਪਰ ਅਜਿਹਾ ਨਹੀਂ ਹੋਇਆ। ਸਭ ਤੋਂ ਅਹਿਮ ਗੱਲ ਇਹ ਰਹੀ ਕਿ ਫਸਲਾਂ ਦੇ ਐੱਮ.ਐੱਸ.ਪੀ. (MSP) ਬਾਰੇ ਵੀ ਬਜਟ ਵਿੱਚ ਕੋਈ ਵੱਡਾ ਐਲਾਨ ਨਹੀਂ ਮਿਲਿਆ।
4. ਸ਼ੇਅਰ ਬਾਜ਼ਾਰ ਨਿਵੇਸ਼ਕਾਂ ਨੂੰ ਝਟਕਾ
ਬਜਟ ਨੇ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਨੂੰ ਨਿਰਾਸ਼ ਕੀਤਾ ਹੈ। F&O ਟ੍ਰੇਡਰਾਂ ਲਈ ਟ੍ਰਾਂਜੈਕਸ਼ਨ ਚਾਰਜ ਵਧਾ ਦਿੱਤੇ ਗਏ ਹਨ। ਇਸ ਦੇ ਨਾਲ ਹੀ ਲੌਂਗ ਟਰਮ (LTCG) ਅਤੇ ਸ਼ਾਰਟ ਟਰਮ (STCG) ਕੈਪੀਟਲ ਗੇਨ ਟੈਕਸ ਵਿੱਚ ਵੀ ਕੋਈ ਕਟੌਤੀ ਨਹੀਂ ਕੀਤੀ ਗਈ।
5. ਸੀਨੀਅਰ ਸਿਟੀਜ਼ਨਾਂ ਨੂੰ ਨਹੀਂ ਮਿਲੀ ਰੇਲਵੇ ਛੋਟ
ਬਜ਼ੁਰਗਾਂ ਨੂੰ ਉਮੀਦ ਸੀ ਕਿ ਰੇਲ ਟਿਕਟਾਂ ਵਿੱਚ ਮਿਲਣ ਵਾਲੀ ਰਿਆਇਤ ਮੁੜ ਸ਼ੁਰੂ ਹੋਵੇਗੀ, ਪਰ ਸਰਕਾਰ ਨੇ ਇਸ 'ਤੇ ਚੁੱਪੀ ਧਾਰੀ ਰੱਖੀ। ਬੀਮਾ ਯੋਜਨਾਵਾਂ ਅਤੇ TDS ਕਟੌਤੀ ਵਿੱਚ ਵੀ ਕੋਈ ਰਾਹਤ ਨਹੀਂ ਮਿਲੀ।
ਇਸ ਦੇ ਨਾਲ ਹੀ 1 ਫਰਵਰੀ ਤੋਂ ਪਾਨ-ਮਸਾਲਾ ਅਤੇ ਸਿਗਰੇਟ ਦੇ ਸ਼ੌਕੀਨਾਂ ਦੀ ਜੇਬ 'ਤੇ ਭਾਰ ਵਧਣ ਵਾਲਾ ਹੈ, ਕਿਉਂਕਿ ਇਨ੍ਹਾਂ ਦੀਆਂ ਕੀਮਤਾਂ ਵਧਣ ਦੇ ਸੰਕੇਤ ਹਨ। ਕੇਂਦਰ ਨੇ ਅਜਿਹੇ ਉਤਪਾਦਾਂ ਉੱਤੇ ਲੱਗਣ ਵਾਲੇ ਟੈਕਸ ਨੂੰ 25 ਫੀਸਦੀ ਤੋਂ ਵਧਾ ਕੇ 60 ਫੀਸਦੀ ਕਰਨ ਦਾ ਪ੍ਰਸਤਾਵ ਰੱਖਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
