ਰਾਜ ਸਭਾ ਉਮੀਦਵਾਰੀ ਨੂੰ ਲੈ ਕੇ ਭਾਜਪਾ ਦੇ ਕਈ ਸੰਸਦ ਮੈਂਬਰ ਬੇਚੈਨ
Wednesday, Mar 23, 2022 - 10:29 AM (IST)
ਨਵੀਂ ਦਿੱਲੀ– ਭਾਜਪਾ ਦੇ 2 ਦਰਜਨ ਤੋਂ ਜ਼ਿਆਦਾ ਸੰਸਦ ਮੈਂਬਰ ਇਨ੍ਹੀਂ ਦਿਨੀਂ ਕਾਫ਼ੀ ਬੇਚੈਨ ਹਨ। ਇਹ ਉਹ ਸੰਸਦ ਮੈਂਬਰ ਹਨ, ਜੋ ਸੇਵਾ-ਮੁਕਤ ਹੋ ਰਹੇ ਹਨ ਅਤੇ ਇਹ ਯਕੀਨੀ ਨਹੀਂ ਹੈ ਕਿ ਉਨ੍ਹਾਂ ਨੂੰ ਰਾਜ ਸਭਾ ’ਚ ਫਿਰ ਤੋਂ ਨਾਮਜਦ ਕੀਤਾ ਜਾਵੇਗਾ ਜਾਂ ਨਹੀਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਬਦ ਅਜੇ ਵੀ ਉਨ੍ਹਾਂ ਦੇ ਕੰਨਾਂ ’ਚ ਗੂੰਜ ਰਹੇ ਹਨ, ਜਦੋਂ ਉਨ੍ਹਾਂ ਨੂੰ 2016 ’ਚ ਰਾਜ ਸਭਾ ’ਚ ਲਿਆਂਦਾ ਗਿਆ ਸੀ ਅਤੇ ਉਨ੍ਹਾਂ ਲਈ ਇਕ ਰਾਤਰੀ ਭੋਜ ਦਾ ਪ੍ਰਬੰਧ ਕੀਤਾ ਗਿਆ ਸੀ।
ਮੋਦੀ ਨੇ ਉਨ੍ਹਾਂ ਨੂੰ ਤਿੱਖੇ ਲਹਿਜੇ ’ਚ ਕਿਹਾ ਸੀ, ‘‘ਇਹ ਨਾ ਸੋਚੋ ਕਿ ਤੁਹਾਨੂੰ ਰਾਜ ਸਭਾ ਦੀ ਸੀਟ ਤੁਹਾਡੀ ਸੀਨੀਅਰਤਾ ਜਾਂ ਪਾਰਟੀ ਲਈ ਸਖਤ ਮਿਹਨਤ ਕਾਰਨ ਮਿਲੀ ਹੈ, ਹੋਰ ਵੀ ਸੀਨੀਅਰ ਅਤੇ ਜ਼ਿਆਦਾ ਮਿਹਨਤੀ ਨੇਤਾ ਹਨ, ਜੋ ਰਾਜ ਸਭਾ ਦੇ ਬਾਹਰ ਬੈਠੇ ਹਨ ਅਤੇ ਇੱਥੋਂ ਤੱਕ ਕਿ ਉਹ ਵੀ ਜਿਨ੍ਹਾਂ ਨੇ ਪਾਰਟੀ ਲਈ ਆਪਣਾ ਪੂਰਾ ਜੀਵਨ ਸਮਰਪਿਤ ਕਰ ਦਿੱਤਾ ਹੈ। ਪਾਰਟੀ ਵੱਲੋਂ ਤੁਹਾਨੂੰ ਚੁਣੇ ਜਾਣ ਤੋਂ ਬਾਅਦ ਤੁਸੀਂ ਹੁਣੇ-ਹੁਣੇ ਇਕ ਫ਼ਾਰਮ ’ਤੇ ਹਸਤਾਖਰ ਕੀਤੇ ਹਨ। ਇੱਥੇ ਆਉਣ ਦਾ ਹੱਕ ਕਿਸੇ ਨੂੰ ਨਹੀਂ ਹੈ।’’
ਆਪਣੀ ਕਥਨੀ ਅਤੇ ਕਰਨੀ ’ਚ ਕੋਈ ਫਰਕ ਨਾ ਰੱਖਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਗ੍ਰਹਿ ਸੂਬੇ ਗੁਜਰਾਤ ਸਮੇਤ 2018 ਅਤੇ 2020 ’ਚ ਰਾਜ ਸਭਾ ਤੋਂ ਕਿਸੇ ਨੂੰ ਵੀ ਮੁੜ ਤੋਂ ਨਾਮਜਦ ਕਰਨ ਤੋਂ ਪਰਹੇਜ਼ ਕੀਤਾ। ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਪਿਊਸ਼ ਗੋਇਲ, ਛਤਰਪਤੀ ਸੰਭਾਜੀ ਅਤੇ ਕੁਝ ਹੋਰ ਲੋਕਾਂ ਨੂੰ ਛੱਡ ਕੇ, ਭਾਜਪਾ ਦੇ 20 ਸੇਵਾ-ਮੁਕਤ ਹੋ ਰਹੇ ਸੰਸਦ ਮੈਂਬਰਾਂ ’ਚੋਂ ਕੋਈ ਵੀ ਇਸ ਵਾਰ ਉੱਚ ਸਦਨ ’ਚ ਵਾਪਸ ਆਉਣ ਦੀ ਉਮੀਦ ਨਹੀਂ ਕਰ ਰਿਹਾ ਹੈ। ਕੇ. ਜੇ. ਅਲਫੋਂਸ, ਸਵਪਨ ਦਾਸ ਗੁਪਤਾ, ਐੱਮ. ਜੇ. ਅਕਬਰ, ਮਹੇਸ਼ ਪੋਦਾਰ, ਡਾ. ਵਿਨੇ ਸਹਸਰਬੁੱਧੇ, ਡਾ. ਵਿਕਾਸ ਮਹਾਤਮੇ, ਸਾਰੇ ਫਿਲਹਾਲ ਇੰਤਜ਼ਾਰ ਹੀ ਕਰ ਸਕਦੇ ਹਨ। ਨਰਿੰਦਰ ਮੋਦੀ ਨੂੰ ਨਵੇਂ ਚਿਹਰਿਆਂ ਦੀ ਤਲਾਸ਼ ਹੋ ਸਕਦੀ ਹੈ, ਜੋ ਉਨ੍ਹਾਂ ਦੀ 2024 ਦੀ ਲੋਕ ਸਭਾ ਚੋਣ ਯੋਜਨਾ ’ਚ ਫਿਟ ਹੋਣ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਮੁਖਤਾਰ ਅੱਬਾਸ ਨਕਵੀ, ਜੋ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਹਨ, ਉਨ੍ਹਾਂ ਨੂੰ ਸਦਨ ’ਚ ਲਿਆਂਦਾ ਜਾਵੇਗਾ ਜਾਂ ਕੋਈ ਹੋਰ ਮਹੱਤਵਪੂਰਣ ਅਹੁਦਾ ਦਿੱਤਾ ਜਾਵੇਗਾ।