ਅੰਡਰਵਰਲਡ ਡਾਨ ਮੁਥੱਪਾ ਰਾਏ ਦੀ ਹਸਪਤਾਲ ''ਚ ਮੌਤ, ਮਰਦੇ ਸਮੇਂ ਕਿਹਾ- ਮੈਂ ਵੀ ਦੇਸ਼ ਭਗਤ ਹਾਂ

Friday, May 15, 2020 - 12:01 PM (IST)

ਬੈਂਗਲੁਰੂ- ਅੰਡਰਵਰਲਡ ਡਾਨ ਰਹੇ ਐੱਨ. ਮੁਥੱਪਾ ਰਾਏ ਦੀ ਸ਼ੁੱਕਰਵਾਰ ਨੂੰ ਇਕ ਨਿੱਜੀ ਹਸਪਤਾਲ 'ਚ ਕੈਂਸਰ ਨਾਲ ਜੂਝਦੇ ਹੋਏ ਮੌਤ ਹੋ ਗਈ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ 68 ਸਾਲਾ ਰਾਏ ਪਿਛਲੇ ਇਕ ਸਾਲ ਤੋਂ ਦਿਮਾਗ਼ੀ ਕੈਂਸਰ ਨਾਲ ਪੀੜਤ ਸੀ ਅਤੇ ਉਸ ਨੂੰ ਮਣੀਪਾਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਸ ਦੀ ਦੇਰ ਰਾਤ 2.30 ਵਜੇ ਮੌਤ ਹੋ ਗਈ। ਰਾਏ ਦੇ 2 ਬੇਟੇ ਹਨ। ਆਖਰੀ ਸਾਹ ਲੈਂਦੇ ਸਮੇਂ ਮੁਥੱਪਾ ਰਾਏ ਨੇ ਕਿਹਾ ਕਿ ਉਹ ਇਕ ਸੱਚੇ ਦੇਸ਼ਭਗਤ ਹਨ।

ਬਹੁਤ ਘੱਟ ਉਮਰ 'ਚ ਅਪਰਾਧ ਦੀ ਦੁਨੀਆ 'ਚ ਰੱਖਿਆ ਸੀ ਕਦਮ
ਦੱਖਣ ਕੰਨੜ ਦੇ ਪੁਤੂਰ ਸ਼ਹਿਰ 'ਚ ਤੁਲੁ ਭਾਸ਼ੀ ਬੰਤ ਪਰਿਵਾਰ 'ਚ ਜਨਮੇ ਰਾਏ ਨੇ ਬਹੁਤ ਘੱਟ ਉਮਰ 'ਚ ਹੀ ਅਪਰਾਧ ਦੀ ਦੁਨੀਆ 'ਚ ਕਦਮ ਰੱਖ ਲਿਆ ਸੀ। ਕਰਨਾਟਕ ਪੁਲਸ ਨੇ ਰਾਏ ਵਿਰੁੱਧ ਕਤਲ ਅਤੇ ਸਾਜਿਸ਼ ਸਮੇਤ 8 ਮਾਮਲਿਆਂ 'ਚ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। 2002 'ਚ ਰਾਏ ਨੂੰ ਸੰਯੁਕਤ ਅਰਬ ਅਮੀਰਾਤ ਤੋਂ ਭਾਰਤ ਲਿਆਂਦਾ ਗਿਆ ਸੀ। ਉਸ ਨੂੰ ਇੱਥੇ ਲਿਆਏ ਜਾਣ 'ਤੇ, ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.), ਖੋਜ ਅਤੇ ਵਿਸ਼ਲੇਸ਼ਣ ਵਿੰਗ (ਰਾਅ), ਖੁਫੀਆ ਬਿਊਰੋ (ਆਈ.ਬੀ.) ਅਤੇ ਕਰਨਾਟਕ ਪੁਲਸ ਸਮੇਤ ਕਈ ਜਾਂਚ ਏਜੰਸੀਆਂ ਨੇ ਉਸ ਤੋਂ ਪੁੱਛ-ਗਿੱਛ ਕੀਤੀ ਸੀ। ਬਾਅਦ 'ਚ ਸਬੂਤਾਂ ਦੀ ਕਮੀ ਕਾਰਨ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ।

ਇਕ ਸੰਗਠਨ ਦੀ ਕੀਤੀ ਸੀ ਸਥਾਪਨਾ
ਆਪਣੇ ਜੀਵਨ ਨੂੰ ਸੁਧਾਰਨ ਦੀ ਕੋਸ਼ਿਸ਼ 'ਚ ਰਾਏ ਨੇ ਇਕ ਸੰਗਠਨ 'ਜੈ ਕਰਨਾਟਕ' ਦੀ ਸਥਾਪਨਾ ਕੀਤੀ ਸੀ। ਰਾਏ ਨੇ 2011 'ਚ ਤੁਲੁ ਫਿਲਮ ਕਾਂਚਿਲਡਾ ਬਾਲੇ ਅਤੇ 2012 'ਚ ਕੰਨੜ ਫਿਲਮ ਕਟਾਰੀ ਵੀਰਾ ਸੁਰਸੁੰਦਰੰਗੀ 'ਚ ਅਭਿਨੈ ਕੀਤਾ ਸੀ। ਬਾਲੀਵੁੱਡ ਡਾਇਰੈਕਟਰ ਰਾਏ ਗੋਪਾਲ ਵਰਮਾ ਰਾਏ ਦੇ ਜੀਵਨ 'ਤੇ ਆਧਾਰਤ ਇਕ ਫਿਲਮ ਬਣਾਉਣਾ ਚਾਹੁੰਦੇ ਸਨ ਪਰ ਕਿਸੇ ਕਾਰਨ ਫਿਲਮ ਅਟਕ ਗਈ। ਉਸ ਦੇ ਪਰਿਵਾਰ ਦੇ ਸੂਤਰਾਂ ਨੇ ਦੱਸਿਆ ਕਿ ਰਾਏ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਨੂੰ ਬਿਦਾਦੀ 'ਚ ਕੀਤਾ ਜਾਵੇਗਾ।


DIsha

Content Editor

Related News