ਕਰੋੜਾਂ ਰੁਪਏ ਦਾ ਅੰਡਰ ਬ੍ਰਿਜ ਧੱਸਿਆ; ਘਰਾਂ ''ਚ ਕੈਦ ਹੋਏ ਲੋਕ (ਵੇਖੋ ਵੀਡੀਓ)
Monday, Feb 24, 2025 - 11:06 AM (IST)

ਜੀਂਦ- ਹਰਿਆਣਾ ਦੇ ਜੀਂਦ 'ਚ ਦਿੱਲੀ-ਬਠਿੰਡਾ ਰੇਲਵੇ ਲਾਈਨ ਕ੍ਰਾਸਿੰਗ 'ਤੇ 20 ਕਰੋੜ ਨਾਲ ਬਣ ਰਿਹਾ ਅੰਡਰ ਬ੍ਰਿਜ ਧੱਸ ਗਿਆ। ਇਸ ਦੀ ਲਪੇਟ ਵਿਚ ਇੱਥੋਂ ਲੰਘਦਾ ਨਾਲਾ ਅਤੇ ਸੜਕ ਵੀ ਆ ਗਏ। ਇਸ ਨਾਲ ਅੰਡਰ ਬ੍ਰਿਜ ਨਾਲ ਲੱਗਦੇ 3 ਮਕਾਨਾਂ ਦਾ ਰਾਹ ਬੰਦ ਹੋ ਗਿਆ। ਉਨ੍ਹਾਂ ਦੀ ਨੀਂਹ ਨੂੰ ਵੀ ਖ਼ਤਰਾ ਪੈਦਾ ਹੋ ਗਿਆ ਹੈ। ਘਰ ਦੇ ਅੱਗੇ 20 ਫੁੱਟ ਡੂੰਘੀ ਖੱਡ ਬਣਨ ਨਾਲ 20 ਲੋਕ ਘਰਾਂ ਵਿਚ ਫਸ ਗਏ ਹਨ। ਕੁਝ ਨੂੰ ਪੌੜੀਆਂ ਲਾ ਕੇ ਬਾਹਰ ਕੱਢਣਾ ਪਿਆ। ਹਾਦਸੇ ਮਗਰੋਂ ਹਰਿਆਣਾ ਸਟੇਟ ਰੋਡਜ਼ ਐਂਡ ਬ੍ਰਿਜ ਕਾਰਪੋਰੇਸ਼ਨ (HSRDC) ਦੇ ਡੀ. ਜੀ. ਐੱਮ. ਦਾ ਕਹਿਣਾ ਹੈ ਮੀਂਹ ਦੀ ਵਜ੍ਹਾ ਤੋਂ ਇਹ ਹਾਦਸਾ ਵਾਪਰਿਆ।
ਸ਼ਨੀਵਾਰ ਸ਼ਾਮ ਨੂੰ ਵਾਪਰੇ ਇਸ ਹਾਦਸੇ ਮਗਰੋਂ ਚੰਡੀਗੜ੍ਹ ਤੋਂ ਤਕਨੀਕੀ ਟੀਮ ਇਸ ਦੀ ਜਾਂਚ ਕਰਨ ਪਹੁੰਚੇਗੀ। HSRDC ਦੇ ਡੀ. ਜੀ. ਐੱਮ. ਦਾ ਕਹਿਣਾ ਹੈ ਕਿ ਮੀਂਹ ਦੀ ਵਜ੍ਹਾ ਤੋਂ ਹਾਦਸਾ ਵਾਪਰਿਆ। ਜਦਕਿ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਾਲੇ ਦੇ ਨਿਰਮਾਣ ਦੌਰਾਨ ਘਟੀਆ ਸਮੱਗਰੀ ਦਾ ਇਸਤੇਮਾਲ ਕੀਤਾ ਗਿਆ ਹੈ। ਨਿਯਮ ਮੁਤਾਬਕ ਜਿੰਨੀ ਨਿਰਮਾਣ ਸਮੱਗਰੀ ਇਸਤੇਮਾਲ ਹੋਣੀ ਚਾਹੀਦੀ ਸੀ, ਓਨੀਂ ਨਹੀਂ ਹੋਈ ਹੈ। ਸੀਮੈਂਟ ਕੰਕਰੀਟ ਦੀ ਜਿੰਨੀ ਲੇਅਰ ਹੋਣੀ ਚਾਹੀਦੀ ਸੀ, ਉਹ ਨਹੀਂ ਹੈ। ਨਾਲੇ ਦੇ ਹੇਠਲੇ ਹਿੱਸੇ ਦਾ ਸਹੀ ਤਰੀਕੇ ਨਾਲ ਜਮਾਅ ਨਹੀਂ ਕੀਤਾ ਗਿਆ ਹੈ। ਇਸ ਵਜ੍ਹਾ ਤੋਂ ਨਾਲਾ ਧੱਸ ਗਿਆ ਅਤੇ ਮਿੱਟੀ ਖਿਸਕ ਗਈ।
ਨੀਂਹ ਤੱਕ ਮਿੱਟੀ ਧੱਸਣ ਅਤੇ ਮਕਾਨ ਵਿਚ ਦਰਾਰ ਆਉਣ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਨਾਲੇ ਵਿਚ ਮਲਬੇ ਵਿਚ 'ਚ ਅੰਡਰ ਬ੍ਰਿਜ ਲਈ ਬਣਾਈ ਗਈ ਕੰਧ ਵੀ ਢਹਿ ਗਈ ਹੈ। ਉੱਥੇ ਘਰ ਦੇ ਅੱਗੇ 20 ਫੁੱਟ ਡੂੰਘੀ ਖੱਡ ਬਣਨ ਨਾਲ ਲੋਕ ਆਪਣੇ ਘਰਾਂ ਵਿਚ ਕੈਦ ਹੋ ਕੇ ਰਹਿ ਗਏ ਹਨ। ਇੰਨਾ ਹੀ ਨਹੀਂ ਘਰਾਂ ਵਿਚ ਪਸ਼ੂ ਵੀ ਹਨ, ਜੋ ਬਾਹਰ ਹੀ ਨਹੀਂ ਨਿਕਲ ਪਾ ਰਹੇ ਹਨ।