ਪੱਛਮੀ ਬੰਗਾਲ ''ਚ ਨੱਢਾ ਦੀ ਰੱਥ ਯਾਤਰਾ ਨੂੰ ਲੈ ਕੇ ਗੈਰ-ਯਕੀਨੀ ਵਾਲੇ ਹਾਲਾਤ

02/06/2021 2:28:50 AM

ਕੋਲਕਾਤਾ (ਭਾਸ਼ਾ) - ਪੱਛਮੀ ਬੰਗਾਲ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਨ ਸਮਰਥਨ ਆਪਣੇ ਪੱਖ ਵਿਚ ਕਰਨ ਦੇ ਟੀਚੇ ਨਾਲ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਸ਼ਨੀਵਾਰ ਸੂਬੇ ਵਿਚ ਪਾਰਟੀ ਦੀ ਰੱਥ ਯਾਤਰਾ ਦੀ ਸ਼ੁਰੂਆਤ ਕਰਨਗੇ ਪਰ ਪ੍ਰਸ਼ਾਸਨ ਤੋਂ ਇਸ ਦੀ ਇਜਾਜ਼ਤ ਨੂੰ ਲੈ ਕੇ ਗੈਰ-ਯਕੀਨੀ ਦੀ ਸਥਿਤੀ ਬਣੀ ਹੋਈ ਹੈ। ਭਾਜਪਾ ਦੇ ਨੇਤਾ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿਚ ਇਸ ਰੱਥ ਯਾਤਰਾ ਨੂੰ ਲਿਜਾਣਾ ਚਾਹੁੰਦੇ ਹਨ। ਨੱਢਾ ਦੀ ਨਦੀਆ ਜ਼ਿਲੇ ਵਿਚ 15ਵੇਂ ਸਦੀ ਦੇ ਸੰਤ ਚੈਤੰਯ ਮਹਾਪ੍ਰਭੂ ਦੇ ਜਨਮ ਅਸਥਾਨ ਨਵਦੀਪ ਤੋਂ 'ਪਰਿਵਰਤਨ ਯਾਤਰਾ' ਸ਼ੁਰੂ ਕਰਨ ਦੀ ਯੋਜਨਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਇਸ ਮਹੀਨੇ ਸ਼ੁਰੂ ਹੋਣ ਵਾਲੀਆਂ 5 ਪ੍ਰਸਤਾਵਿਤ ਯਾਤਰਾਵਾਂ ਵਿਚੋਂ 2 ਦਾ ਉਦਘਾਟਨ ਕਰਨ ਦੀ ਸੰਭਾਵਨਾ ਹੈ। ਸ਼ੁੱਕਰਵਾਰ ਸ਼ਾਮ ਤੱਕ ਭਰਮ ਵਾਲੀ ਸਥਿਤੀ ਬਣੀ ਰਹੀ ਕਿਉਂਕਿ ਨਦੀਆ ਦੇ ਜ਼ਿਲਾ ਪ੍ਰਸ਼ਾਸਨ ਤੋਂ ਰੱਥ ਯਾਤਰਾ ਦੀ ਇਜਾਜ਼ਤ ਨਹੀਂ ਮਿਲੀ ਸੀ।
ਭਾਜਪਾ ਦਾ ਦਾਅਵਾ ਹੈ ਕਿ ਉਸ ਨੂੰ ਇਜਾਜ਼ਤ ਮਿਲ ਚੁੱਕੀ ਹੈ ਜਦਕਿ ਜ਼ਿਲਾ ਪੁਲਸ ਨੇ ਕਿਹਾ ਕਿ ਸਿਰਫ ਜਨ ਸਭਾ ਦੀ ਇਜਾਜ਼ਤ ਦਿੱਤੀ ਗਈ ਹੈ ਨਾ ਕਿ ਰੱਥ ਯਾਤਰਾ ਦੀ। ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਜੇ. ਪੀ. ਨੱਢਾ ਦੀ ਜਨ ਸਭਾ ਲਈ ਕੋਈ ਇਤਰਾਜ਼ ਨਹੀਂ ਪਰ ਅਸੀਂ ਰੱਥ ਯਾਤਰਾ ਦੀ ਇਜਾਜ਼ਤ ਨਹੀਂ ਦਿੱਤੀ ਕਿਉਂਕਿ ਉਹ ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਹੈ। ਇਸ ਤੋਂ ਪਹਿਲਾਂ ਪੱਛਮੀ ਬੰਗਾਲ ਭਾਜਪਾ ਨੇ ਸੂਬਾ ਸਰਕਾਰ ਤੋਂ ਇਕ ਮਹੀਨੇ ਦੇ ਪ੍ਰੋਗਰਾਮ ਦੀ ਇਜਾਜ਼ਤ ਮੰਗੀ ਸੀ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News