ਯੁੱਧ ਪ੍ਰਭਾਵਿਤ ਯੂਕ੍ਰੇਨ ਨੇ ਸ਼ਾਂਤੀ ਯੋਜਨਾ ਲਈ ਮੁੜ ਮੰਗੀ ਭਾਰਤ ਦੀ ਹਮਾਇਤ
Thursday, Jun 15, 2023 - 04:00 PM (IST)
ਨਵੀਂ ਦਿੱਲੀ (ਭਾਸ਼ਾ)– ਯੂਕ੍ਰੇਨੀ ਰਾਸ਼ਟਰਪਤੀ ਦੇ ‘ਚੀਫ ਆਫ ਸਟਾਫ’ ਐਂਡ੍ਰੀ ਯਰਮਕ ਨੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਰੂਸੀ ਹਮਲੇ ਦੇ ਮੱਦੇਨਜ਼ਰ ਆਪਣੇ ਦੇਸ਼ ਦੇ ਮੌਜੂਦਾ ਹਾਲਾਤ ਤੋਂ ਜਾਣੂ ਕਰਵਾਇਆ ਅਤੇ ਯੂਕ੍ਰੇਨੀ ਸ਼ਾਂਤੀ ਯੋਜਨਾ ਲਈ ਭਾਰਤ ਦੀ ਹਮਾਇਤ ਮੰਗੀ।
ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਦਫਤਰ ਨੇ ਬੁੱਧਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਯਰਮਕ ਨੇ ਡੋਭਾਲ ਨਾਲ ਫੋਨ ’ਤੇ ਹੋਈ ਗੱਲਬਾਤ ਵਿਚ ‘ਸੰਸਾਰਿਕ ਸ਼ਾਂਤੀ ਸਿਖਰ ਸੰਮੇਲਨ’ ਦੀਆਂ ਤਿਆਰੀਆਂ ’ਤੇ ਚਰਚਾ ਕੀਤੀ। ਨਾਲ ਹੀ ਯੂਕ੍ਰੇਨੀ ਸ਼ਾਂਤੀ ਯੋਜਨਾ ਲਈ ਸੰਸਾਰਿਕ ਹਮਾਇਤ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜ਼ੇਲੇਂਸਕੀ ਨੇ ਲਗਭਗ 3 ਹਫਤੇ ਪਹਿਲਾਂ ਹੀਰੋਸ਼ਿਮਾ ਵਿਚ ਜੀ-7 ਸਿਖਰ ਸੰਮੇਲਨ ਵਿਚ ਗੱਲਬਾਤ ਕੀਤੀ ਸੀ, ਜਿਸ ਤੋਂ ਬਾਅਦ ਯਰਮਕ ਅਤੇ ਡੋਭਾਲ ਦਰਮਿਆਨ ਫੋਨ ’ਤੇ ਗੱਲਬਾਤ ਹੋਈ ਹੈ। ਮੋਦੀ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਨੂੰ ਸੰਦੇਸ਼ ਦਿੱਤਾ ਸੀ ਕਿ ਭਾਰਤ ਯੂਕ੍ਰੇਨ ਵਿਵਾਦ ਦਾ ਹੱਲ ਕੱਢਣ ਲਈ ਹਰ ਸੰਭਵ ਯਤਨ ਕਰੇਗਾ।