ਭਾਰਤੀ ਵਿਦਿਆਰਥੀਆਂ ਨੂੰ ਚੇਤਾਵਨੀ, ਭੁੱਲ ਕੇ ਵੀ ਪੜ੍ਹਨ ਲਈ ਪਾਕਿਸਤਾਨ ਨਾ ਜਾਣਾ

Saturday, Apr 23, 2022 - 10:19 AM (IST)

ਭਾਰਤੀ ਵਿਦਿਆਰਥੀਆਂ ਨੂੰ ਚੇਤਾਵਨੀ, ਭੁੱਲ ਕੇ ਵੀ ਪੜ੍ਹਨ ਲਈ ਪਾਕਿਸਤਾਨ ਨਾ ਜਾਣਾ

ਨਵੀਂ ਦਿੱਲੀ (ਏਜੰਸੀ) : ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਅਤੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ.) ਨੇ ਸ਼ੁੱਕਰਵਾਰ ਪਾਕਿਸਤਾਨ ਜਾਣ ਦੇ ਇੱਛੁਕ ਭਾਰਤੀ ਵਿਦਿਆਰਥੀਆਂ ਨੂੰ ਵੱਡੀ ਚਿਤਾਵਨੀ ਦਿੱਤੀ। ਇੱਕ ਸਾਂਝੀ ਸਲਾਹ ਜਾਰੀ ਕਰਦਿਆਂ ਵਿਦਿਆਰਥੀਆਂ ਨੂੰ ਕਿਹਾ ਗਿਆ ਕਿ ਉਹ ਪਾਕਿਸਤਾਨ ਦੇ ਕਿਸੇ ਵੀ ਕਾਲਜ ਜਾਂ ਵਿੱਦਿਅਕ ਸੰਸਥਾ ਵਿੱਚ ਦਾਖ਼ਲਾ ਨਾ ਲੈਣ, ਨਹੀਂ ਤਾਂ ਉਹ ਭਾਰਤ ਵਿੱਚ ਨੌਕਰੀਆਂ ਲਈ ਅਰਜ਼ੀ ਦੇਣ ਜਾਂ ਦੇਸ਼ ਵਿੱਚ ਉੱਚ ਸਿੱਖਿਆ ਹਾਸਲ ਕਰਨ ਦੇ ਯੋਗ ਨਹੀਂ ਹੋਣਗੇ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਜਿਹੜੇ ਲੋਕ ਪਾਕਿਸਤਾਨ ਤੋਂ ਭਾਰਤ ਆਏ ਹਨ, ਉਨ੍ਹਾਂ ਨੂੰ ਛੋਟ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਪਾਕਿ NSC ਨੇ ਸਰਕਾਰ ਨੂੰ ਡੇਗਣ ਪਿੱਛੇ ਵਿਦੇਸ਼ੀ ਸਾਜ਼ਿਸ਼ ਹੋਣ ਦੇ ਇਮਰਾਨ ਦੇ ਦੋਸ਼ਾਂ ਦਾ ਕੀਤਾ ਖੰਡਨ

ਚੀਨੀ ਸੰਸਥਾਵਾਂ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਚਣ ਦੀ ਚੇਤਾਵਨੀ ਦੇਣ ਲਈ ਇੱਕ ਮਹੀਨੇ ਦੇ ਅੰਦਰ ਯੂ.ਜੀ.ਸੀ. ਅਤੇ ਏ.ਆਈ.ਸੀ.ਟੀ.ਈ. ਵੱਲੋਂ ਸੰਯੁਕਤ ਤੌਰ 'ਤੇ ਇਹ ਸਲਾਹ ਜਾਰੀ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ, 'ਸਾਰੇ (ਵਿਦਿਆਰਥੀਆਂ) ਨੂੰ ਉੱਚ ਸਿੱਖਿਆ ਲਈ ਪਾਕਿਸਤਾਨ ਨਾ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ। ਕੋਈ ਵੀ ਭਾਰਤੀ ਨਾਗਰਿਕ ਜਾਂ ਭਾਰਤੀ ਮੂਲ ਦਾ ਵਿਦੇਸ਼ੀ ਨਾਗਰਿਕ (ਓ.ਆਈ.ਸੀ.) ਜੇਕਰ ਪਾਕਿਸਤਾਨ ਦੇ ਕਿਸੇ ਵੀ ਕਾਲਜ ਜਾਂ ਵਿਦਿਅਕ ਸੰਸਥਾ ਵਿੱਚ ਦਾਖਲਾ ਲੈਂਦਾ ਹੈ ਤਾਂ ਉਹ ਪਾਕਿਸਤਾਨੀ ਸਰਟੀਫਿਕੇਟ ਦੇ ਆਧਾਰ 'ਤੇ ਭਾਰਤ ਵਿੱਚ ਨੌਕਰੀ ਜਾਂ ਉੱਚ ਸਿੱਖਿਆ ਲਈ ਯੋਗ ਨਹੀਂ ਹੋਵੇਗਾ।'

ਇਹ ਵੀ ਪੜ੍ਹੋ: ਸਿਹਤਮੰਦ ਰਹਿਣ ਲਈ ਹਫਤੇ ’ਚ 5 ਵਾਰ 30 ਮਿੰਟ ਕਰੋ ਕਸਰਤ, 10 ਹਜ਼ਾਰ ਕਦਮ ਤੁਰਨਾ ਵੀ ਬਿਹਤਰ ਤਰੀਕਾ

ਇਸ ਵਿੱਚ ਅੱਗੇ ਕਿਹਾ ਗਿਆ ਹੈ, "ਹਾਲਾਂਕਿ, ਵਿਦੇਸ਼ੀ ਨਾਗਰਿਕ ਅਤੇ ਉਨ੍ਹਾਂ ਦੇ ਬੱਚੇ, ਜਿਨ੍ਹਾਂ ਨੇ ਪਾਕਿਸਤਾਨ ਵਿੱਚ ਸਿੱਖਿਆ ਪ੍ਰਾਪਤ ਕੀਤੀ ਹੈ ਅਤੇ ਭਾਰਤ ਵੱਲੋਂ ਨਾਗਰਿਕਤਾ ਦਿੱਤੀ ਹੋਈ ਹੈ, ਉਹ ਭਾਰਤ ਵਿਚ ਰੁਜ਼ਗਾਰ ਹਾਸਲ ਕਰਨ ਲਈ ਯੋਗ ਹੋਣਗੇ, ਬਸ਼ਰਤੇ ਗ੍ਰਹਿ ਮੰਤਰਾਲਾ ਤੋਂ ਸੁਰੱਖਿਆ ਮਨਜ਼ੂਰੀ ਮਿਲੇ।' ਏ.ਆਈ.ਸੀ.ਟੀ.ਈ. ਦੇ ਪ੍ਰਧਾਨ ਅਨਿਲ ਸਹਸ੍ਰਬੁੱਧੇ ਅਨੁਸਾਰ ਭਾਰਤੀ ਵਿਦਿਆਰਥੀਆਂ ਨੂੰ ਇਹ ਸਲਾਹ ਦੇਣ ਦੀ ਲੋੜ ਹੈ ਕਿ ਉਨ੍ਹਾਂ ਨੂੰ ਸਿੱਖਿਆ ਲਈ ਕਿਹੜੀਆਂ ਸੰਸਥਾਵਾਂ ਅਤੇ ਦੇਸ਼ਾਂ ਵਿੱਚ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਯੂ.ਜੀ.ਸੀ. ਦੇ ਪ੍ਰਧਾਨ ਜਗਦੀਸ਼ ਕੁਮਾਰ ਨੇ ਕਿਹਾ, 'ਯੂ.ਜੀ.ਸੀ. ਅਤੇ ਏ.ਆਈ.ਸੀ.ਟੀ.ਈ. ਅਜਿਹੇ ਭਾਰਤੀ ਵਿਦਿਆਰਥੀਆਂ ਦੇ ਹਿੱਤ ਵਿੱਚ ਜਨਤਕ ਨੋਟਿਸ ਜਾਰੀ ਕਰਦੇ ਹਨ, ਜੋ ਦੇਸ਼ ਤੋਂ ਬਾਹਰ ਉੱਚ ਸਿੱਖਿਆ ਹਾਸਲ ਕਰਨਾ ਚਾਹੁੰਦੇ ਹਨ।' ਉਨ੍ਹਾਂ ਕਿਹਾ, 'ਹਾਲ ਦੇ ਦਿਨਾਂ ਵਿਚ ਅਸੀਂ ਦੇਖਿਆ ਹੈ ਕਿ ਕਿਵੇਂ ਸਾਡੇ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਉਹ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਵਿਦੇਸ਼ ਵਾਪਸ ਨਹੀਂ ਜਾ ਸਕੇ।'

ਇਹ ਵੀ ਪੜ੍ਹੋ: ਕੈਨੇਡਾ ਨੇ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਦੀ ਯਾਤਰਾ ਸਬੰਧੀ ਪਾਬੰਦੀਆਂ 'ਚ ਦਿੱਤੀ ਢਿੱਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News