ਸ਼੍ਰੀਨਗਰ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਖ਼ਿਲਾਫ਼ ਕਾਰਵਾਈ, 13.43 ਕਰੋੜ ਰੁਪਏ ਦੀਆਂ ਜਾਇਦਾਦਾਂ ਕੁਰਕ
Thursday, Oct 15, 2026 - 05:01 PM (IST)
ਸ਼੍ਰੀਨਗਰ (ਏਜੰਸੀ)- ਸ਼੍ਰੀਨਗਰ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਉਸ ਨਾਲ ਜੁੜੇ ਵਿੱਤੀ ਨੈੱਟਵਰਕ ਖ਼ਿਲਾਫ਼ ਕਾਰਵਾਈ ਕਰਦੇ ਹੋਏ 13 ਕਰੋੜ ਰੁਪਏ ਤੋਂ ਵੱਧ ਕੀਮਤ ਦੀਆਂ ਕਈ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਹਨ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ਼੍ਰੀਨਗਰ ਪੁਲਸ ਨੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ, 1985 (ਐੱਨਡੀਪੀਐੱਸ) ਦੀਆਂ ਧਾਰਾਵਾਂ ਤਹਿਤ 13.43 ਕਰੋੜ ਰੁਪਏ ਤੋਂ ਵੱਧ ਦੀਆਂ ਕਈ ਰਿਹਾਇਸ਼ੀ ਜਾਇਦਾਦਾਂ ਅਤੇ ਇਕ ਵਾਹਨ ਜ਼ਬਤ ਜਾਂ ਕੁਰਕ ਕੀਤਾ ਹੈ। ਇਹ ਤਾਲਮੇਲ ਕਾਰਵਾਈ ਖਾਨਯਾਰ, ਪੰਥਾ ਚੌਕ, ਸ਼ਾਲਟੇਂਗ, ਸਫਾਕਦਲ, ਸੌਰਾ ਅਤੇ ਅਹਿਮਦਨਗਰ ਪੁਲਸ ਥਾਣਿਆਂ ਨੇ ਕੀਤੀ।
ਵਿੱਤੀ ਜਾਂਚ ਦੌਰਾਨ ਇਨ੍ਹਾਂ ਜਾਇਦਾਦਾਂ ਦੀ ਪਛਾਣ ਅਜਿਹੀਆਂ ਜਾਇਦਾਦਾਂ ਵਜੋਂ ਕੀਤੀ ਗਈ ਹੈ, ਜਿਨ੍ਹਾਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਕਮਾਏ ਪੈਸੇ ਨਾਲ ਖਰੀਦਿਆ ਗਿਆ ਸੀ। ਬੁਲਾਰੇ ਨੇ ਕਿਹਾ ਕਿ ਖਾਨਯਾਰ ਪੁਲਸ ਨੇ 8 ਕਰੋੜ ਰੁਪਏ ਦੀ ਚਾਰ ਰਿਹਾਇਸ਼ੀ ਜਾਇਦਾਦਾਂ ਅਤੇ ਇਕ ਵਾਹਨ ਕੁਰਕ ਕੀਤਾ। ਇਸ ਦੌਰਾਨ, ਪੰਥਾ ਚੌਕ ਪੁਲਸ ਨੇ 1.24 ਕਰੋੜ ਰੁਪਏ ਦੀ ਇਕ ਰਿਹਾਇਸ਼ੀ ਜਾਇਦਾਦ ਕੁਰਕ ਕੀਤੀ ਅਤੇ ਸ਼ਾਲਟੇਂਗ ਪੁਲਸ ਨੇ 1.21 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ। ਬੁਲਾਰੇ ਨੇ ਕਿਹਾ ਕਿ ਸਫਾਕਦਲ ਪੁਲਸ ਨੇ 10.15 ਲੱਖ ਰੁਪਏ ਦੀ ਜਾਇਦਾਦ ਜ਼ਬਤ ਅਤੇ ਅਹਿਮਦਨਗਰ ਪੁਲਸ ਨੇ 1 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ।
ਉਨ੍ਹਾਂ ਕਿਹਾ ਕਿ ਸੌਰਾ ਪੁਲਸ ਨੇ 1.18 ਕਰੋੜ ਰੁਪਏ ਦੀ ਜਾਇਦਾਦ ਅਤੇ ਅਹਿਮਦਨਗਰ ਪੁਲਸ ਨੇ 80 ਲੱਖ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ। ਵਿੱਤੀ ਜਾਂਚ ਦੌਰਾਨ, ਇਨ੍ਹਾਂ ਜਾਇਦਾਦਾਂ ਦੀ ਪਛਾਣ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀਆਂ ਗਤੀਵਿਧੀਆਂ ਤੋਂ ਕਥਿਤ ਤੌਰ 'ਤੇ ਕਮਾਏ ਪੈਸੇ ਨਾਲ ਖਰੀਦੀ ਗਈ ਵਜੋਂ ਕੀਤੀ ਗਈ ਸੀ। ਇਨ੍ਹਾਂ ਜਾਇਦਾਦਾਂ ਨੂੰ ਇਕ ਕਾਰਜਕਾਰੀ ਮੈਜਿਸਟ੍ਰੇਟ ਦੀ ਮੌਜੂਦਗੀ 'ਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ (NDPS) ਦੇ ਤਹਿਤ ਜ਼ਬਤ ਜਾਂ ਕੁਰਕ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
