ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰੇ ਕਾਂਗਰਸ ਤੇ ਰਾਕਾਂਪਾ, ਮੈਂ ਸਮਰਥਨ ਕਰਾਂਗਾ : ਊਧਵ

Friday, Oct 11, 2024 - 12:03 AM (IST)

ਮੁੰਬਈ- ਸ਼ਿਵਸੈਨਾ (ਯੂ. ਬੀ. ਟੀ.) ਦੇ ਪ੍ਰਧਾਨ ਊਧਵ ਠਾਕਰੇ ਨੇ ਐਲਾਨ ਕੀਤਾ ਹੈ ਕਿ ਉਹ ਮਹਾਰਾਸ਼ਟਰ ਨੂੰ ‘ਬਚਾਉਣ’ ਲਈ ਵਿਰੋਧੀ ਗੱਠਜੋੜ ਵਿਚ ਸਹਿਯੋਗੀ ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦ ਪਵਾਰ) ਵੱਲੋਂ ਐਲਾਨੇ ਮੁੱਖ ਮੰਤਰੀ ਦੇ ਕਿਸੇ ਵੀ ਚਿਹਰੇ ਦਾ ਸਮਰਥਨ ਕਰਨਗੇ। ਊਧਵ ਦੀ ਪਾਰਟੀ ਵਿਰੋਧੀ ਗੱਠਜੋੜ ਮਹਾ ਵਿਕਾਸ ਆਘਾੜੀ (ਐੱਮ. ਵੀ. ਏ.) ਵਿਚ ਸ਼ਾਮਲ ਹੈ। ਉਨ੍ਹਾਂ ਇਹ ਐਲਾਨ ਅਜਿਹੇ ਸਮੇਂ ਕੀਤਾ ਜਦੋਂ ਉਨ੍ਹਾਂ ਦੀ ਸਹਿਯੋਗੀ ਕਾਂਗਰਸ ਨੂੰ ਹਰਿਆਣਾ ਵਿਚ ਝਟਕਾ ਲੱਗਾ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਲਗਾਤਾਰ ਤੀਜੀ ਵਾਰ ਸਰਕਾਰ ਬਣਾ ਰਹੀ ਹੈ।

ਮਹਾਰਾਸ਼ਟਰ ਦੀ 288 ਮੈਂਬਰੀ ਵਿਧਾਨ ਸਭਾ ਲਈ ਅਗਲੇ ਮਹੀਨੇ ਚੋਣਾਂ ਹੋਣ ਦੀ ਸੰਭਾਵਨਾ ਹੈ। ਊਧਵ ਨੇ ਕਿਹਾ ਕਿ ਮੈਂ ਉਦੋਂ ਵੀ ਇਹੋ ਕਿਹਾ ਸੀ ਅਤੇ ਹੁਣ ਵੀ ਇਹੋ ਕਹਿ ਰਿਹਾ ਹਾਂ ਕਿ ਕਾਂਗਰਸ ਜਾਂ ਰਾਕਾਂਪਾ (ਐੱਸ. ਪੀ.) ਨੂੰ ਕੋਈ ਚਿਹਰਾ (ਮੁੱਖ ਮੰਤਰੀ ਅਹੁਦੇ ਲਈ) ਐਲਾਨ ਕਰਨਾ ਚਾਹੀਦਾ ਹੈ। ਕਾਂਗਰਸ ਅਤੇ ਰਾਕਾਂਪਾ (ਐੱਸ. ਪੀ.) ਨੂੰ ਇਕ ਸੁਰ ਵਿਚ ਬੋਲਣਾ ਚਾਹੀਦਾ ਹੈ। ਮੈਂ ਉਨ੍ਹਾਂ ਵੱਲੋਂ ਐਲਾਨੇ ਗਏ ਕਿਸੇ ਵੀ ਚਿਹਰੇ ਦਾ ਸਮਰਥਨ ਕਰਾਂਗਾ, ਕਿਉਂਕਿ ਮੈਨੂੰ ਮੇਰਾ ਮਹਾਰਾਸ਼ਟਰ ਪਿਆਰਾ ਹੈ।... ਮੇਰਾ ਸੰਕਲਪ ਮਹਾਰਾਸ਼ਟਰ ਨੂੰ ‘ਬਚਾਉਣ’ ਲਈ ਕੁਝ ਵੀ ਕਰਨ ਦਾ ਹੈ।

ਊਧਵ ਨੇ ਅਗਸਤ ’ਚ ਜ਼ੋਰ ਦੇ ਕੇ ਕਿਹਾ ਸੀ ਕਿ ਚੋਣਾਂ ਤੋਂ ਬਾਅਦ ਸਭ ਤੋਂ ਵੱਧ ਸੀਟਾਂ ਜਿੱਤਣ ਵਾਲੀ ਪਾਰਟੀ ਵੱਲੋਂ ਮੁੱਖ ਮੰਤਰੀ ਚੁਣੇ ਜਾਣ ਦੀ ਥਾਂ ਵਿਰੋਧੀ ਗੱਠਜੋੜ ਮਹਾ ਵਿਕਾਸ ਆਘਾੜੀ (ਐੱਮ. ਵੀ. ਏ.) ਨੂੰ ਚੋਣਾਂ ਵਿਚ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਨਾ ਚਾਹੀਦਾ ਹੈ।

‘ਮਹਾਯੁਤੀ’ ਸਰਕਾਰ ’ਤੇ ਵਿਅੰਗ-ਭਰੋਸਿਆਂ ਦਾ ਮੀਂਹ ਵਰ੍ਹ ਰਿਹਾ ਹੈ

ਊਧਵ ਨੇ ਸੱਤਾਧਾਰੀ ‘ਮਹਾਯੁਤੀ’ ਗੱਠਜੋੜ ਸਰਕਾਰ ਦੀ ‘ਲਾਡਕੀ ਬਹਿਨ’ ਯੋਜਨਾ ਦੀ ਆਲੋਚਨਾ ਕਰਦੇ ਹੋਏ ਦਾਅਵਾ ਕੀਤਾ ਕਿ ਸਰਕਾਰ ਲੋਕਾਂ ਨੂੰ ਉਨ੍ਹਾਂ ਦਾ ਪੈਸਾ (ਯੋਜਨਾ ਰਾਹੀਂ) ਦੇ ਕੇ ‘ਮਹਾਰਾਸ਼ਟਰ ਧਰਮ’ ਨਾਲ ਵਿਸ਼ਵਾਸਘਾਤ ਕਰਨ ਲਈ ਮਜਬੂਰ ਕਰ ਰਹੀ ਹੈ। ਮਹਾਰਾਸ਼ਟਰ ਸਰਕਾਰ ਦੀ ‘ਲਾਡਕੀ ਬਹਿਨ’ ਯੋਜਨਾ ਦੇ ਤਹਿਤ ਯੋਗ ਔਰਤ ਨੂੰ ਹਰ ਮਹੀਨੇ 1500 ਰੁਪਏ ਦੀ ਵਿੱਤੀ ਮਦਦ ਦਿੱਤੀ ਜਾਂਦੀ ਹੈ।

ਉਨ੍ਹਾਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵਸੈਨਾ, ਭਾਰਤੀ ਜਨਤਾ ਪਾਰਟੀ ਅਤੇ ਅਜੀਤ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੀ ‘ਮਹਾਯੁਤੀ’ ਸਰਕਾਰ ’ਤੇ ਵਿਅੰਗ ਕੱਸਦੇ ਹੋਏ ਕਿਹਾ ਕਿ ਭਰੋਸਿਆਂ ਦਾ ਮੀਂਹ ਵਰ੍ਹ ਰਿਹਾ ਹੈ ਪਰ ਯੋਜਨਾਵਾਂ ਦੇ ਲਾਗੂ ਹੋਣ ਦੇ ਮਾਮਲੇ ਵਿਚ ਸੋਕਾ ਪਿਆ ਹੋਇਆ ਹੈ।


Rakesh

Content Editor

Related News